ਪਾਲ ਸਿੰਘ ਨੌਲੀ
ਜਲੰਧਰ, 19 ਮਈ
ਲੋਕ ਸੋਭਾ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਅਤੇ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਨਕੋਦਰ ਦੇ ਅਧੀਨ ਬਿਲਗਾ ਵਿੱਚ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਜ਼ਿਲ੍ਹਾ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਨੇ ਗਰੀਬਾਂ ਦਾ ਹੱਕ ਮਾਰਿਆ ਹੈ। ਉਨ੍ਹਾਂ ਕਿਹਾ ਕਿ ਨਕੋਦਰ ਹਲਕੇ ਵਿਚੱ ਸਭ ਤੋਂ ਵੱਧ ਨੀਲੇ ਕਾਰਡ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ 2500 ਰੁਪਏ ਪੈਨਸ਼ਨ ਦਾ ਝੂਠਾ ਲਾਰਾ ਲਾਇਆ ਗਿਆ। ਸ੍ਰੀ ਵਡਾਲਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਆਗੂ ਰੇਤ ਵਿੱਚੋਂ ਪੰਜਾਬ ਦਾ ਖਜ਼ਾਨਾ ਭਰਨ ਦੇ ਦਾਅਵੇ ਕਰ ਰਹੇ ਸਨ ਪਰ ਉਨ੍ਹਾ ਨੇ ਰੇਤਾਂ ਵਿੱਚੋਂ ਆਪਣੇ ਘਰਾਂ ਦੇ ਖਜ਼ਾਨੇ ਭਰ ਲਏ। ਜਥੇਦਾਰ ਨੇ ਬਿਨਾਂ ਕਿਸੇ ‘ਆਪ’ ਆਗੂ ਦਾ ਨਾਂ ਲਏ ਕਿਹਾ ਕਿ ਸਤਲੁਜ ਦਰਿਆ ਨਾਲ ਨਕੋਦਰ ਹਲਕੇ ਦਾ ਥੋੜ੍ਹਾ ਜਿਹਾ ਹਿੱਸਾ ਲੱਗਣ ਦੇ ਕਾਰਨ ਹੀ ਪੰਜਾਬ ਵਿੱਚ ਲੋਕ ਨਕੋਦਰ ਨੂੰ ਰੇਤਾ ਦੀ ਮੰਡੀ ਵੱਜੋਂ ਜਾਣਦੇ ਹਨ ਕਿਉਂਕਿ ਇੱਥੋ ਦੇ ਸੱਤਾਧਾਰੀ ਰੇਤੇ ਨਾਲ ਮਾਲਾਮਾਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਤਾਂ ਰੇਤੇ ਨੂੰ ਹੱਥ ਲਾ ਕੇ ਉਸ ਨੂੰ ਸੋਨਾ ਬਣਾ ਦਿੰਦੇ ਹਨ। ਜਥੇਦਾਰ ਵਡਾਲਾ ਨੇ ਕਿਹਾ ਕਿ ਆਮ ਲੋਕਾਂ ਨੂੰ ਆਪਣਾ ਘਰ ਬਣਾਉਣਾ ਹੀ ਵੱਡੀ ਚੁਣੌਤੀ ਬਣਿਆ ਹੋਇਆ ਹੈ ਕਿਉਂਕਿ ਰੇਤਾ ਤੇ ਸਾਰਾ ਕੰਟਰੋਲ ਤਾਂ ‘ਆਪ’ ਵਾਲਿਆਂ ਦਾ ਹੈ। ਰੇਤੇ ਦੀ ਤਸਕਰੀ ਕਰ ਕੇ ‘ਆਪ’ ਵਾਲਿਆਂ ਨੇ ਆਪਣੇ ਮਹਿਲ ਛੱਤ ਲਏ। ਸ੍ਰੀ ਵਡਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਸੰਸਦ ਵਿੱਚ ਭੇਜੋ ਤਾਂ ਜੋ ‘ਆਪ’ ਅਤੇ ਹੋਰ ਰਿਵਾਇਤੀ ਪਾਰਟੀਆਂ ਨੂੰ ਖਾਸ ਤੌਰ ’ਤੇ ਨਕੋਦਰ ਹਲਕੇ ਵਿੱਚ ਸਬਕ ਸਿਖਾ ਸਕੀਏ। ਇਸ ਦੌਰਾਨ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਤੋਂ ਆਏ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਇਸ ਵਾਰ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਪਾਉਣਗੇ।