ਪੱਤਰ ਪ੍ਰੇਰਕ
ਬਠਿੰਡਾ, 19 ਮਈ
ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਮਲੂਕਾ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਪੰਜਾਬ ਵਿੱਚ ਵਿਕਾਸ ਦੇ ਖੋਖਲੇ ਦਾਅਵਿਆਂ ਨਾਲ ਸੱਤਾ ਵਿੱਚ ਆਈ ਆਪ ਸਰਕਾਰ ਨੇ ਲੋਕਾਂ ਨਾਲ ਧੋਖਾ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਹਾਲਾਤ ਇਹ ਹਨ ਕਿ ਜਦੋਂ ਸੂਬੇ ਵਿੱਚ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਭਗਵੰਤ ਮਾਨ ਸਰਕਾਰ ਫੰਡਾਂ ਦੀ ਘਾਟ ਦਾ ਰੋਣਾ ਰੋਂਦੀ ਹੈ।
ਸੂਬੇ ਦੇ ਸਾਰੇ ਵਿਕਾਸ ਕਾਰਜ ਠੱਪ ਹੋਏ ਪਏ ਹਨ ਤੇ ਉੱਥਰ ਆਮ ਆਦਮੀ ਪਾਰਟੀ ਦੂਜੇ ਰਾਜਾਂ ਵਿੱਚ ਇਸ਼ਤਿਹਾਰਾਂ ਅਤੇ ਪ੍ਰਚਾਰ ਦੇ ਨਾਂ ‘ਤੇ ਸਰਕਾਰੀ ਖਜ਼ਾਨੇ ਦੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਉਨ੍ਹਾਂ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਏਮਸ ਨੂੰ ਆਪਣੀ ਪ੍ਰਾਪਤੀ ਮੰਨਣ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਕੇਂਦਰ ਵਿੱਚ ਫੂਡ ਪ੍ਰੋਸੈਸਿੰਗ ਮੰਤਰੀ ਰਹਿ ਚੁੱਕੇ ਹਨ ਪਰ ਉਨ੍ਹਾਂ ਇਸ ਹਲਕੇ ਦੇ ਕਿਸਾਨਾਂ ਲਈ ਕੁਝ ਨਹੀਂ ਕੀਤਾ। ਪਰਮਪਾਲ ਕੌਰ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੇ ਘਰ ਪਹੁੰਚ ਕੇ ਪਾਰਟੀ ਅਧਿਕਾਰੀਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਉਹ ਬਿਰਲਾ ਮਿਲ ਕਲੋਨੀ ਪਹੁੰਚੀ ਜਿੱਥੇ ਲੋਕਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਪਰਮਪਾਲ ਕੌਰ ਨੇ ਸਪੋਰਟਸ ਕੰਪਲੈਕਸ, ਗਣਪਤੀ ਐਨਕਲੇਵ ਸਮੇਤ ਬਠਿੰਡਾ ਦੇ ਸ਼ਹਿਰ ਅਤੇ ਦਿਹਾਤੀ ਖੇਤਰਾਂ ਵਿੱਚ ਵੀ ਵਿਆਪਕ ਪ੍ਰਚਾਰ ਕੀਤਾ।