ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਮਈ
ਸ਼ਾਇਰ ਡਾ. ਸੁਰਜੀਤ ਪਾਤਰ ਦੀ ਯਾਦ ’ਚ ਕਰਵਾਏ ਇੱਕ ਸਮਾਗਮ ਵਿੱਚ ‘ਅਣੂ’ ਮਿਨੀ ਪੱਤ੍ਰਿਕਾ ਦਾ ਬਾਲ ਸਾਹਿਤ ਅੰਕ ਲੋਕ ਅਰਪਣ ਕੀਤਾ ਗਿਆ। ਡਾ. ਗੁਰਬਚਨ ਸਿੰਘ ਰਾਹੀ ਨੇ ਕਿਹਾ ਕਿ ਲੇਖਕਾਂ ਅਤੇ ਸਾਹਿਤ ਸਭਾਵਾਂ ਵੱਲੋਂ ਬਾਲ ਸਾਹਿਤ ਪ੍ਰਤੀ ਸਜਗ ਹੋਣਾ ਚੰਗੀ ਗੱਲ ਹੈ। ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਬੱਚਿਆਂ ਨੂੰ ਮਾਤ ਭਾਸ਼ਾ ਅਤੇ ਮਿਆਰੀ ਬਾਲ ਸਾਹਿਤ ਨਾਲ ਜੋੜਨ ਦੀ ਬਹੁਤ ਲੋੜ ਹੈ। ਡਾ. ਮਹੇਸ਼ ਗੌਤਮ ਨੇ ਬਾਲ ਸਾਹਿਤ ਦੀ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ। ਭਾਸ਼ਾ ਵਿਭਾਗ ਦੀ ਸਾਬਕਾ ਸਹਾਇਕ ਡਾਇਰੈਕਟਰ ਕਮਲਪ੍ਰੀਤ ਕੌਰ ਅਤੇ ਰੰਗਕਰਮੀ ਮਨਪਾਲ ਟਿਵਾਣਾ ਨੇ ਇਸ ਨੂੰ ਮਾਂ ਬੋਲੀ ਦੇ ਵਿਕਾਸ ਵਿਚ ਨਿੱਗਰ ਕਦਮ ਆਖਿਆ। ਬੌਬੀ ਸਿੰਘ ਰਹਿਲ, ਦੇਵਿੰਦਰ ਪਟਿਆਲੀ ਤੇ ਡਾ. ਸੁਖਦਰਸ਼ਨ ਸਿੰਘ ਨੇ ਅਜਿਹੇ ਬਾਲ ਰਸਾਲੇ ਸਕੂਲ ਵਿੱਚ ਵੱਧ ਤੋਂ ਵੱਧ ਪੁੱਜਣ ’ਤੇ ਜ਼ੋਰ ਦਿੱਤਾ। ਬਾਲ ਰੰਗਮੰਚ ਨਾਲ ਜੁੜੇ ਰਾਜੇਸ਼ ਸ਼ਰਮਾ ਅਤੇ ਪਵਨ ਗੋਇਲ ਨੇ ਸਕੂਲੀ ਸਿੱਖਿਆ ਵਿੱਚ ਬਾਲ ਸਾਹਿਤ ਨੂੰ ਸਿਲੇਬਸ ’ਚ ਲਾਗੂ ਕਰਨ ਦਾ ਸੁਨੇਹਾ ਦਿੱਤਾ। ਸੰਪਾਦਕ ਸੁਰਿੰਦਰ ਕੈਲੇ ਨੇ ਧੰਨਵਾਦੀ ਸ਼ਬਦ ਆਖੇ। ਮੰਚ ਸੰਚਾਲਨ ਜ਼ਿੰਮੇਵਾਰੀ ਦੇਵਿੰਦਰ ਪਟਿਆਲਵੀ ਨੇ ਬਾਖ਼ੂਬੀ ਨਿਭਾਈ।