ਕੋਚੀ:
ਕੇਰਲ ਹਾਈ ਕੋਰਟ ਨੇ ਸੂਬੇ ’ਚ ਕਾਨੂੰਨ ਵਿਸ਼ੇ ਦੀ 30 ਸਾਲਾ ਦਲਿਤ ਵਿਦਿਆਰਥਣ ਨਾਲ 2016 ’ਚ ਜਬਰ ਜਨਾਹ ਤੇ ਕਤਲ ਮਾਮਲੇ ’ਚ ਸੈਸ਼ਨ ਅਦਾਲਤ ਵੱਲੋਂ ਦੋਸ਼ੀ ਅਮੀਰੁੱਲ ਇਸਲਾਮ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਅੱਜ ਬਰਕਰਾਰ ਰੱਖੀ ਹੈ। ਹਾਈ ਕੋਰਟ ਦੇ ਬੈਂਚ ਨੇ ਸੈਸ਼ਨ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਦਾਇਰ ਦੋਸ਼ੀ ਦੀ ਅਪੀਲ ਖਾਰਜ ਕਰ ਦਿੱਤੀ। ਇਸਲਾਮ ’ਤੇ ਪੇਰੂਬੰਦਰ ’ਚ 28 ਅਪਰੈਲ 2016 ਨੂੰ ਮਹਿਲਾ ਨਾਲ ਜਬਰ ਜਨਾਹ ਮਗਰੋਂ ਉਸ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਦੋਸ਼ ਲੱਗਾ ਸੀ। ਉਸ ਨੇ ਇੱਕ ਗਰੀਬ ਪਰਿਵਾਰ ਦੀ ਵਿਦਿਆਰਥਣ ਦੀ ਉਸ ਦੇ ਘਰ ’ਚ ਹੱਤਿਆ ਕਰਨ ਤੋਂ ਪਹਿਲਾਂ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ। ਸਾਲ 2017 ’ਚ ਐਰਨਾਕੁਲਮ ਪ੍ਰਮੁੱਖ ਸੈਸ਼ਨ ਕੋਰਟ ਨੇ ਅਸਾਮ ਦੇ ਪਰਵਾਸੀ ਮਜ਼ਦੂਰ ਇਸਲਾਮ ਨੂੰ ਹੱਤਿਆ ਦੇ ਦੋਸ਼ ਹੇਠ ਮੌਤ ਦੀ ਸਜ਼ਾ ਸੁਣਾਈ ਸੀ। -ਪੀਟੀਆਈ