ਸਤਵਿੰਦਰ ਬਸਰਾ
ਲੁਧਿਆਣਾ, 20 ਮਈ
ਜਰਖੜ ਹਾਕੀ ਅਕੈਡਮੀ ਅਤੇ ਇਲਾਕੇ ਦੇ ਸਮੂਹ ਖਿਡਾਰੀਆਂ ਵੱਲੋਂ ਪਨੈਲਟੀ ਕਾਰਨਰ ਦੇ ਕਿੰਗ ਵਜੋਂ ਜਾਣੇ ਜਾਂਦੇ ਸਵਰਗੀ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 41ਵੀਂ ਬਰਸੀ ਜਰਖੜ ਖੇਡ ਸਟੇਡੀਅਮ ਵਿੱਚ ਮਨਾਈ ਗਈ । ਇਸ ਮੌਕੇ ਓਲੰਪੀਅਨ ਪ੍ਰਿਥੀਪਾਲ ਸਿੰਘ ਦੇ ਆਦਮ ਕੱਦ ਬੁੱਤ ਉੱਤੇ ਫੁੱਲ ਮਾਲਾ ਭੇਟ ਕਰਕੇ 2 ਮਿੰਟ ਦਾ ਮੋਨ ਧਾਰ ਕੇ ਉਨ੍ਹਾਂ ਨੂੰ ਕੌਮੀ ਗੀਤ ਦੀ ਧੁੰਨ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਆਤਮ ਨਗਰ ਲੁਧਿਆਣਾ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਉੱਘੇ ਸਨਅਤਕਾਰ ਸੰਜੂ ਧੀਰ ਅਤੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਅਤੇ ਹੋਰ ਮਹਿਮਾਨਾਂ ਨੇ ਓਲੰਪੀਅਨ ਪ੍ਰਿਥੀਪਾਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਇਲਾਵਾ ਜਰਖੜ ਸਟੇਡੀਅਮ ਵਿੱਚ ਕਰਵਾਏ ਜਾ ਰਹੇ 14ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਛੇਵੇਂ ਦਿਨ ਸੀਨੀਅਰ ਵਰਗ ਵਿੱਚ ਕਿਲਾ ਰਾਏਪੁਰ ਸਪੋਰਟਸ ਸੈਂਟਰ ਨੇ ਡਾਕਟਰ ਕੁਲਦੀਪ ਸਿੰਘ ਮੋਗਾ ਕਲੱਬ ਨੂੰ 6-3 ਗੋਲਾਂ ਨਾਲ ਹਰਾ ਕੇ ਕੁਆਟਰਫਾਈਨਲ ਵਿੱਚ ਦਾਖਲਾ ਪਾ ਲਿਆ ਹੈ। ਕਿਲਾ ਰਾਏਪੁਰ ਦਾ ਨਵਜੋਤ ਸਿੰਘ ਮੈਨ ਆਫ ਦਾ ਮੈਚ ਬਣਿਆ। ਜਰਖੜ ਹਾਕੀ ਅਕੈਡਮੀ ਨੇ ਅਮਰਗੜ੍ਹ ਹਾਕੀ ਸੈਂਟਰ ਨੂੰ 7-6 ਗੋਲਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਐਂਟਰੀ ਪੱਕੀ ਕੀਤੀ। ਜਰਖੜ ਅਕੈਡਮੀ ਦਾ ਰਘਵੀਰ ਸਿੰਘ ਮੈਨ ਆਫ ਦਾ ਮੈਚ ਬਣਿਆ। ਜੂਨੀਅਰ ਵਰਗ ਦੇ ਮੈਚਾਂ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਨੇ ਗੁਰੂ ਤੇਗ ਬਹਾਦਰ ਹਾਕੀ ਅਕੈਡਮੀ ਚਚਰਾੜੀ ਨੂੰ 3-1 ਨਾਲ ਮਾਤ ਦਿੱਤੀ , ਕਿਲਾ ਰਾਏਪੁਰ ਨੇ ਘਵੱਦੀ ਸਕੂਲ ਨੂੰ 4-3 ਗੋਲਾਂ ਨਾਲ ਹਰਾ ਹਰਾਇਆ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਲੋਕ ਸਭਾ ਦੀਆਂ ਵੋਟਾਂ ਕਰਕੇ ਅਗਲੇ ਹਾਕੀ ਮੈਚ ਦੋ ਹਫਤੇ ਲਈ ਮੁਲਤਵੀ ਕਰ ਦਿੱਤੇ ਗਏ ਹਨ। ਫਾਈਨਲ ਗੇੜ ਦੇ ਮੁਕਾਬਲੇ 6 ਤੋਂ 9 ਜੂਨ ਤੱਕ ਖੇਡੇ ਜਾਣਗੇ ।