ਸੰਤੋਖ ਗਿੱਲ
ਰਾਏਕੋਟ, 20 ਮਈ
ਬਲਾਕ ਪੱਖੋਵਾਲ ਦੇ ਮਨਰੇਗਾ ਅਧਿਕਾਰੀਆਂ ਵੱਲੋਂ ਮਜ਼ਦੂਰਾਂ ਨੂੰ ਕੰਮ ਦੇਣ ਤੋਂ ਕੋਰੀ ਨਾਂਹ ਕਰਨ ’ਤੇ ਭੜਕੇ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੇ ਵਰਕਰਾਂ ਨੇ ਐੱਸਡੀਐੱਮ ਰਾਏਕੋਟ ਦੇ ਦਫ਼ਤਰ ਸਾਹਮਣੇ ਨਾਅਰੇਬਾਜ਼ੀ ਕੀਤੀ ਅਤੇ ਰੋਸ ਧਰਨਾ ਦਿੱਤਾ। ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਮਨਰੇਗਾ ਦੇ ਸਹਾਇਕ ਪ੍ਰਾਜੈਕਟ ਅਫ਼ਸਰ ਅਤੇ ਸਕੱਤਰ ਵੱਲੋਂ ਕੰਮ ਮੰਗਣ ’ਤੇ ਮਜ਼ਦੂਰਾਂ ਨਾਲ ਦੁਰਵਿਵਹਾਰ ਵੀ ਕੀਤਾ ਜਾਂਦਾ ਹੈ। ਇਸ ਮਾਮਲੇ ਵਿੱਚ ਐੱਸਡੀਐੱਮ ਰਾਏਕੋਟ ਦੇ ਲਿਖਤੀ ਆਦੇਸ਼ ਨੂੰ ਵੀ ਅਣਗੌਲ਼ਿਆ ਕਰਦੇ ਹੋਏ ਬਲਾਕ ਅਧਿਕਾਰੀਆਂ ਨੇ ਕੰਮ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਧਰਨਾਕਾਰੀ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸੀਟੂ ਸਕੱਤਰ ਦਲਜੀਤ ਕੁਮਾਰ ਗੋਰਾ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਨੇ ਬਲਾਕ ਵਿਕਾਸ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
ਐੱਸਡੀਐੱਮ ਬੇਅੰਤ ਸਿੰਘ ਸਿੱਧੂ ਨੇ ਸਬੰਧਤ ਅਧਿਕਾਰੀਆਂ ਨੂੰ ਫ਼ੌਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿਤਪਾਲ ਸਿੰਘ ਰਾਜੋਆਣਾ, ਚਮਕੌਰ ਸਿੰਘ ਨੂਰਪੁਰਾ, ਰੁਲਦਾ ਸਿੰਘ ਗੋਬਿੰਦਗੜ੍ਹ ਅਤੇ ਕਰਮਚੰਦ ਬੁਰਜ ਹਕੀਮਾਂ ਨੇ ਵੀ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ।