ਅਹਿਮਦਾਬਾਦ, 20 ਮਈ
ਸ਼ਾਨਦਾਰ ਲੈਅ ਵਿੱਚ ਚੱਲ ਰਹੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਭਲਕੇ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਪਹਿਲੇ ਕੁਆਲੀਫਾਇਰ ’ਚ ਸਨਰਾਈਜ਼ਰਜ਼ ਹੈਦਰਾਬਾਦ ਨਾਲ ਭਿੜੇਗੀ। ਕੋਲਕਾਤਾ ਇਸ ਸਾਲ ਆਈਪੀਐੱਲ ਪਲੇਆਫ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਸੀ ਜਦਕਿ ਹੈਦਰਾਬਾਦ ਨੇ ਆਖਰੀ ਲੀਗ ਮੈਚ ਵਿੱਚ ਪੰਜਾਬ ਕਿੰਗਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਦੂਜਾ ਸਥਾਨ ਹਾਸਲ ਕੀਤਾ ਸੀ। ਲੀਗ ਗੇੜ ਦੇ 70 ਮੈਚਾਂ ਵਿੱਚ ਸਿਖਰਲੇ ਦੋ ਸਥਾਨਾਂ ’ਤੇ ਰਹੀਆਂ ਇਨ੍ਹਾਂ ਟੀਮਾਂ ਨੂੰ ਪਿਛਲੇ ਦਸ ਦਿਨਾਂ ਵਿੱਚ ਮੀਂਹ ਕਾਰਨ ਚੰਗੀ ਬ੍ਰੇਕ ਮਿਲੀ ਹੈ।
ਕੋਲਕਾਤਾ ਨੂੰ ਵਿਕਟਕੀਪਰ ਬੱਲੇਬਾਜ਼ ਫਿਲ ਸਾਲਟ (435 ਦੌੜਾਂ) ਦੀ ਕਮੀ ਮਹਿਸੂਸ ਹੋਵੇਗੀ ਜੋ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇੰਗਲੈਂਡ ਟੀਮ ਨਾਲ ਜੁੜਨ ਲਈ ਘਰ ਪਰਤ ਗਿਆ ਹੈ। ਸਾਲਟ ਅਤੇ ਸੁਨੀਲ ਨਾਰਾਇਣ (461) ਨੇ ਟੂਰਨਾਮੈਂਟ ਵਿੱਚ ਕੋਲਕਾਤਾ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਹੈ। ਕਪਤਾਨ ਸ਼੍ਰੇਅਸ ਅਈਅਰ (287 ਦੌੜਾਂ) ਬਹੁਤਾ ਪ੍ਰਭਾਵਿਤ ਨਹੀਂ ਕਰ ਸਕਿਆ। ਨਿਤੀਸ਼ ਰਾਣਾ ਅਤੇ ਆਂਦਰੇ ਰਸਲ ਦਾ ਲੈਅ ਵਿੱਚ ਹੋਣਾ ਵੀ ਕੋਲਕਾਤਾ ਲਈ ਬਹੁਤ ਜ਼ਰੂਰੀ ਹੈ।
ਦੂਜੇ ਪਾਸੇ ਪੈਟ ਕਮਿਨਸ ਦੀ ਅਗਵਾਈ ਵਾਲੀ ਹੈਦਰਾਬਾਦ ਦੀ ਟੀਮ ਦੇ ਟਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਦੋਵਾਂ ਨੇ 200 ਤੋਂ ਵੱਧ ਦੀ ਸਟ੍ਰਾਈਕ ਰੇਟ ’ਤੇ ਦੌੜਾਂ ਬਣਾ ਕੇ ਕਈ ਰਿਕਾਰਡ ਕਾਇਮ ਕੀਤੇ ਹਨ। ਆਸਟਰੇਲੀਆ ਦਾ ਹੈੱਡ ਇਕ ਸੈਂਕੜੇ ਅਤੇ ਚਾਰ ਨੀਮ ਸੈਂਕੜਿਆਂ ਦੀ ਮਦਦ ਨਾਲ ਕੁੱਲ 533 ਦੌੜਾਂ ਬਣਾ ਚੁੱਕਿਆ ਹੈ। ਉਸ ਦੇ ਨਾਲ ਅਭਿਸ਼ੇਕ (467 ਦੌੜਾਂ) ਵੀ ਹੁਣ ਤੱਕ ਖੁੱਲ੍ਹ ਕੇ ਖੇਡਿਆ ਹੈ। ਉਹ ਹੁਣ ਤੱਕ ਸਭ ਤੋਂ ਵੱਧ 41 ਛੱਕੇ ਜੜ ਚੁੱਕਾ ਹੈ। ਇਸੇ ਤਰ੍ਹਾਂ ਕਲਾਸੇਨ ਵੀ ਲੈਅ ਵਿੱਚ ਦਿਖਾਈ ਦੇ ਰਿਹਾ ਹੈ। -ਪੀਟੀਆਈ
ਰੋਹਿਤ ਦੀ ਕੋਈ ਨਿੱਜੀ ਗੱਲਬਾਤ ਪ੍ਰਸਾਰਿਤ ਨਹੀਂ ਕੀਤੀ: ਸਟਾਰ ਸਪੋਰਟਸ
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਪ੍ਰਸਾਰਕ ਸਟਾਰ ਸਪੋਰਟਸ ਨੇ ਅੱਜ ਕਿਹਾ ਕਿ ਉਸ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨਾਲ ਜੁੜੀ ਕਿਸੇ ਵੀ ਨਿੱਜੀ ਗੱਲਬਾਤ ਦੀ ਆਡੀਓ ਪ੍ਰਸਾਰਿਤ ਨਹੀਂ ਕੀਤੀ। ਭਾਰਤੀ ਕਪਤਾਨ ਨੇ ਬੀਤੇ ਦਿਨ ਚੈਨਲ ’ਤੇ ਉਸ ਦੀ ਨਿੱਜਤਾ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਸੀ। ਚੈਨਲ ਨੇ ਕਿਹਾ, ‘‘ਵਾਨਖੇੜੇ ਸਟੇਡੀਅਮ ਵਿੱਚ 16 ਮਈ ਨੂੰ ਟਰੇਨਿੰਗ ਸੈਸ਼ਨ ਦੌਰਾਨ ਲਈ ਗਈ ਇਸ ਕਲਿੱਪ, ਜਿਸ ਲਈ ਸਟਾਰ ਸਪੋਰਟਸ ਕੋਲ ਅਧਿਕਾਰਤ ਇਜਾਜ਼ਤ ਹੈ, ਵਿੱਚ ਸੀਨੀਅਰ ਖਿਡਾਰੀ ਨੂੰ ਮੈਦਾਨ ਵਿੱਚ ਆਪਣੇ ਦੋਸਤਾਂ ਨਾਲ ਗੱਲਬਾਤ ਕਰਦੇ ਦਿਖਾਇਆ ਗਿਆ ਹੈ। ਇਸ ਗੱਲਬਾਤ ਦੀ ਕੋਈ ਆਡੀਓ ਰਿਕਾਰਡ ਜਾਂ ਪ੍ਰਸਾਰਿਤ ਨਹੀਂ ਕੀਤੀ ਗਈ।’’ ਉਸ ਨੇ ਕਿਹਾ, ‘‘ਕਲਿੱਪ ਵਿੱਚ ਸਿਰਫ ਸੀਨੀਅਰ ਖਿਡਾਰੀ ਨੂੰ ਆਪਣੀ ਗੱਲਬਾਤ ਦੀ ਆਡੀਓ ਰਿਕਾਰਡ ਨਾ ਕਰਨ ਦੀ ਅਪੀਲ ਕਰਦਿਆਂ ਦਿਖਾਇਆ ਗਿਆ ਸੀ। ਇਸ ਨੂੰ ਕਿਸੇ ਵੀ ਤਰ੍ਹਾਂ ਤੋੜਿਆ-ਮਰੋੜਿਆ ਨਹੀਂ ਗਿਆ।’’ -ਪੀਟੀਆਈ