ਸ਼ਿਮਲਾ, 20 ਮਈ
ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਤੇ ਅਦਾਕਾਰਾ ਕੰਗਨਾ ਰਣੌਤ ਨੂੰ ਅੱਜ ਲਾਹੌਲ-ਸਪਿਤੀ ਦੇ ਕਾਜ਼ਾ ’ਚ ਸਥਾਨਕ ਲੋਕਾਂ ਤੇ ਕਾਂਗਰਸ ਕਾਰਕੁਨਾਂ ਨੇ ਕਾਲੇ ਝੰਡੇ ਦਿਖਾਏ ਅਤੇ ਭਾਜਪਾ ਦੀ ਸੂਬਾਈ ਇਕਾਈ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਕਾਫਲੇ ’ਤੇ ਪਥਰਾਓ ਕੀਤਾ ਗਿਆ। ਕਾਂਗਰਸ ਵਰਕਰਾਂ ਨੇ ਕੰਗਨਾ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਹਿਮਾਚਲ ਪ੍ਰਦੇਸ਼ ਭਾਜਪਾ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਕੇ ਚੋਣ ਅਧਿਕਾਰੀਆਂ ਦਾ ਤਬਾਦਲਾ ਕਰਨ ਤੇ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ ਕਿਉਂਕਿ ਕਾਂਗਰਸ ਤੇ ਭਾਜਪਾ ਦੋਵਾਂ ਨੂੰ ਇੱਕ-ਦੂਜੇ ਦੇ ਨੇੜੇ ਹੀ ਰੈਲੀਆਂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਇੱਥੋਂ ਦੇ ਲੋਕ ਕੰਗਨਾ ਵੱਲੋਂ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਬਾਰੇ ਕੀਤੀ ਗਈ ਟਿੱਪਣੀ ਕਾਰਨ ਨਾਰਾਜ਼ ਦੱਸੇ ਜਾ ਰਹੇ ਹਨ। ਕੰਗਨਾ ਨੇ ਦਲਾਈ ਲਾਮਾ ਬਾਰੇ ਇੱਕ ‘ਮੀਮ’ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਸੀ ਤੇ ਨਾਲ ਹੀ ਟਿੱਪਣੀ ਵੀ ਕੀਤੀ ਸੀ। ਉਸ ਨੇ ਬਾਅਦ ਵਿੱਚ ਇਸ ਲਈ ਮੁਆਫੀ ਵੀ ਮੰਗ ਲਈ ਸੀ। ਭਾਜਪਾ ਲਈ ਪ੍ਰਚਾਰ ਕਰਨ ਰਣੌਤ ਨਾਲ ਕਾਜ਼ਾ ਆਏ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਵਰਕਰਾਂ ਨੇ ਭਾਜਪਾ ਦੀ ਮੀਟਿੰਗ ’ਚ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੇ ਕਾਫਲੇ ’ਤੇ ਪਥਰਾਓ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਪੂਰੇ ਸੂਬੇ ’ਚ ਪ੍ਰਚਾਰ ਲਈ ਜਾਂਦੇ ਹਨ ਪਰ ਅਜਿਹੀ ਹਰਕਤ ਪਹਿਲੀ ਵਾਰ ਹੋਈ ਹੈ ਜੋ ਕਾਂਗਰਸ ਦੀ ਘਬਰਾਹਟ ਜ਼ਾਹਿਰ ਕਰਦੀ ਹੈ। ਉਨ੍ਹਾਂ ਪਥਰਾਓ ’ਚ ਇੱਕ ਪਾਰਟੀ ਵਰਕਰ ਦੇ ਜ਼ਖ਼ਮੀ ਹੋਣ ਦਾ ਵੀ ਦਾਅਵਾ ਕੀਤਾ। ਦੂਜੇ ਪਾਸੇ ਲਾਹੌਲ ਤੇ ਸਪਿਤੀ ਦੇ ਐੱਸਪੀ ਮਯੰਕ ਚੌਧਰੀ ਨੇ ਦੱਸਿਆ ਕਿ ਭਾਜਪਾ ਤੇ ਕਾਂਗਰਸ ਦੋਵਾਂ ਦੇ ਵਰਕਰ ਆਹਮੋ-ਸਾਹਮਣੇ ਆ ਗਏ ਪਰ ਕੋਈ ਝੜਪ ਨਹੀਂ ਹੋਈ ਤੇ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ। -ਪੀਟੀਆਈ