ਮਾਨਵਜੋਤ ਭਿੰਡਰ
ਡਕਾਲਾ, 20 ਮਈ
ਇਲਾਕੇ ਵਿੱਚੋਂ ਲੰਘਦੇ ਘੱਗਰ ਦਰਿਆ ਦੇ ਹੜ੍ਹਾਂ ਦੇ ਦਰਦ ਨੂੰ ਹਕੂਮਤਾਂ ਵਾਲੇ ਹਾਲੇ ਤਾਈਂ ਨਾ ਸਮਝ ਸਕੇ ਹਨ ਤੇ ਨਾ ਹੀ ਇਨ੍ਹਾਂ ਦੇ ਮਸਲੇ ਹੱਲ ਕਰ ਸਕੇ ਹਨ। ਘੱਗਰ ਦਰਿਆ ਤੋਂ ਪੀੜਤ ਲੋਕ ਹੁਣ ਹੜ੍ਹਾਂ ਦੀ ਮਾਰ ਨੂੰ ਭਾਣਾ ਤੇ ਕੁਦਰਤੀ ਕਰੋਪੀ ਮੰਨ ਕੇ ਸ਼ਾਂਤਚਿੱਤ ਹਨ। ਫਿਰ ਵੀ ਹਰ ਚੋਣ ਪਿੜ ਵਿੱਚ ਘੱਗਰ ਦਰਿਆ ਦੇ ਹੜ੍ਹਾਂ ਦਾ ਮਾਮਲਾ ਹਰ ਵਾਰ ਚੋਣਾਵੀਂ ਮੁੱਦਾ ਜ਼ਰੂਰ ਬਣਦਾ ਆ ਰਿਹਾ ਹੈ ਤੇ ਐਤਕੀਂ ਲੋਕ ਸਭਾ ਚੋਣ ਦੌਰਾਨ ਵੀ ਇਸ ਮੁੱਦੇ ਉੱਤੇ ਰਾਜਸੀ ਧਿਰਾਂ ਵੱਧ ਚੜ੍ਹ ਕੇ ਸਿਆਸੀ ਰੋਟੀਆਂ ਸੇਕ ਰਹੀਆਂ ਹਨ।
ਫਿਕਰ ਵਾਲੀ ਗੱਲ ਹੈ ਕਿ ਆਮ ਵਰਤਾਰੇ ਵਾਂਗ ਚੋਣਾਂ ਦੇ ਖਤਮ ਹੋਣ ਮਗਰੋਂ ਘੱਗਰ ਦਾ ਮੁੱਦਾ ਵੀ ਕਿਸੇ ਹੜ੍ਹ ਦੇ ਵਹਿਣ ਵਾਂਗ ਰੁੜ੍ਹ ਜਾਂਦਾ ਹੈ। ਫਿਰ ਕਿਸੇ ਅਗਲੀ ਚੋਣ ਤੱਕ ਇਹ ਮੁੱਦਾ ਕੁੰਭਕਰਨੀ ਨੀਂਦ ਸੌਂ ਜਾਂਦਾ ਹੈ ਪਰ ਲੋਕ ਸਵਾਲ ਕਰ ਰਹੇ ਹਨ ਕਿ ਆਖ਼ਰ ਕਦੋਂ ਘੱਗਰ ਦਾ ਸਥਾਈ ਹੱਲ ਹੋਵੇਗਾ। ਅਸਲ ਵਿੱਚ ਘੱਗਰ ਦਰਿਆ ਹਿਮਾਚਲ ਪ੍ਰਦੇਸ਼ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਸ਼ੁਰੂ ਹੁੰਦਾ ਹੈ ਜਿਹੜਾ ਪਟਿਆਲਾ ਜ਼ਿਲ੍ਹੇ ਦੇ ਡੇਰਾਬੱਸੀ ਹਲਕੇ, ਘਨੌਰ, ਸਨੌਰ, ਸਮਾਣਾ ਤੇ ਸ਼ੁਤਰਾਣਾ ਹਲਕੇ ਵਿੱਚੋਂ ਗੁਜ਼ਰ ਕੇ ਸੰਗਰੂਰ ਜ਼ਿਲ੍ਹੇ ਵਿੱਚੋਂ ਲੰਘ ਕੇ ਰਾਜਸਥਾਨ ਪਹੁੰਚਦਾ ਹੈ। ਬਰਸਾਤਾਂ ਵੇਲੇ ਇਹ ਦਰਿਆ ਆਪਣਾ ਦੈਂਤੀਂ ਰੂਪ ਅਖ਼ਤਿਆਰ ਕਰ ਲੈਂਦਾ ਹੈ। ਸਥਾਨਕ ਡਕਾਲਾ ਖੇਤਰ ਦੇ ਨਵਾਂ ਗਾਉਂ ਚੀਕਾ ਰੋਡ ਉੱਤੇ ਹਰਿਆਣਾ ਹੱਦ ਕੋਲ ਪੈਂਦੇ ਪਿੰਡ ਧਰਮਹੇੜੀ ਕੋਲੋਂ ਇਹ ਗੁਜ਼ਰਦਾ ਹੈ ਤੇ ਹੜ੍ਹਾਂ ਵੇਲੇ ਸਮੁੱਚੇ ਇਲਾਕੇ ਅੰਦਰ ਤਬਾਹੀ ਮਚਾਉਂਦਾ ਹੈ। ਇਲਾਕੇ ਦੇ ਕਿਸਾਨਾਂ ਮੁਤਾਬਿਕ 1988 ਤੋਂ ਹੁਣ ਤੱਕ ਘੱਗਰ ਦੇ ਵੱਡੇ ਹੜ੍ਹ ਦਰਜਨਾਂ ਵਾਰ ਕਹਿਰ ਢਾਹ ਚੁੱਕੇ ਹਨ। ਇਸ ਕਾਰਨ ਹਜ਼ਾਰਾਂ ਏਕੜ ਫਸਲ ਤਬਾਹ ਹੁੰਦੀ ਰਹੀ ਹੈ। ਹਰਿਆਣਾ ਨੇ ਘੱਗਰ ਦੀ ਮਾਰ ਤੋਂ ਬਚਣ ਲਈ ਹਾਂਸੀ ਬੁਟਾਣਾ ਨਹਿਰ ਦੀ ਪੰਜਾਬ ਵੱਲ ਪੈਂਦੀ ਪੱਟੜੀ ਕੰਕਰੀਟ ਨਾਲ ਪੱਕੀ ਕਰ ਦਿੱਤੀ ਹੈ ਜਿਸ ਨਾਲ ਭਾਵੇਂ ਹਰਿਆਣਾ ਦੇ ਪਿੰਡ ਹੜ੍ਹਾਂ ਤੋਂ ਸੁਰੱਖਿਅਤ ਰਹਿੰਦੇ ਹਨ ਪਰ ਹੜ੍ਹ ਦੇ ਪਾਣੀ ਦੀ ਡਾਬ ਲੱਗਣ ਕਾਰਨ ਪੰਜਾਬ ਦੇ ਪਿੰਡਾਂ ਤੇ ਖੇਤਾਂ ਨੂੰ ਦੁੱਗਣੀ ਮਾਰ ਸਹਿਣੀ ਪੈ ਰਹੀ ਹੈ। ਮੋਹਤਬਰਾਂ ਨੇ ਦੱਸਿਆ ਕਿ ਭਾਵੇਂ ਹੜ੍ਹਾਂ ਵੇਲੇ ਅਧਿਕਾਰੀ, ਰਾਜਸੀ, ਸਮਾਜਿਕ ਤੇ ਧਾਰਮਿਕ ਆਗੂ ਹੜ੍ਹ ਪੀੜਤਾਂ ਦਾ ਦੁੱਖ ਦਰਦ ਵੰਡਾਉਣ ਆਉਂਦੇ ਹਨ, ਸਰਕਾਰਾਂ ਵੱਲੋਂ ਕਈ ਐਲਾਨ ਕੀਤੇ ਜਾਂਦੇ ਹਨ ਪਰ ਮਗਰੋਂ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਹੁਣ ਤਾਂ ਸਰਕਾਰਾਂ ਦੇ ਖਰਾਬੇ ਦੇ ਮੁਆਵਜ਼ੇ ਦੇ ਐਲਾਨ ਵੀ ਸਿਰੇ ਨਹੀਂ ਚੜ੍ਹਦੇ। ਇਲਾਕੇ ਲਈ ਹੜ੍ਹ ਵੱਡੀ ਆਰਥਿਕ ਮਾਰ ਬਣੇ ਹੋਏ ਹਨ।