ਨਵੀਂ ਦਿੱਲੀ, 21 ਮਈ
ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ, ਜਿਸ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਸਹਿਯੋਗੀ ਬਿਭਵ ਕੁਮਾਰ ‘ਤੇ ਹਮਲੇ ਦੇ ਦੋਸ਼ ਲਗਾਏ ਹਨ, ਨੇ ਦਿੱਲੀ ਦੇ ਮੰਤਰੀਆਂ ਅਤੇ ‘ਆਪ’ ਨੇਤਾਵਾਂ ‘ਤੇ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਦੀ ਐੱਫਆਈਆਰ ਬਾਰੇ ਝੂਠ ਫੈਲਾਉਣ ਲਈ ਆਲੋਚਨਾ ਕੀਤੀ ਹੈ। ਸਵਾਤੀ ਨੇ ਇਸ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਧਮਕੀ ਦਿੱਤੀ। ਉਨ੍ਹਾਂ ਐਕਸ ’ਤੇ ਕਿਹਾ,‘ਜਦੋਂ ਤੱਕ ਮੈਂ ਬਿਭਵ ਕੁਮਾਰ ਵਿਰੁੱਧ ਸ਼ਿਕਾਇਤ ਦਰਜ ਨਹੀਂ ਕਰਵਾਈ, ਉਦੋਂ ਤੱਕ ਮੈਂ ‘ਲੇਡੀ ਸਿੰਘਮ’ ਸੀ ਅਤੇ ਅੱਜ ਮੈਂ ਭਾਜਪਾ ਦਾ ਏਜੰਟ ਬਣ ਗਈ ਹਾਂ?’ ਮੈਂ ਤੁਹਾਨੂੰ ਫੈਲਾਏ ਹਰ ਝੂਠ ਲਈ ਅਦਾਲਤ ਵਿੱਚ ਲੈ ਜਾਵਾਂਗੀ।’ ਉਨ੍ਹਾਂ ਕਿਹਾ,‘ਕੱਲ੍ਹ ਤੋਂ ਦਿੱਲੀ ਦੇ ਮੰਤਰੀ ਇਹ ਝੂਠ ਫੈਲਾਅ ਰਹੇ ਹਨ ਕਿ ਮੇਰੇ ਵਿਰੁੱਧ ਭ੍ਰਿਸ਼ਟਾਚਾਰ ਲਈ ਐੱਫਆਈਆਰ ਦਰਜ ਹੈ। ਇਸ ਲਈ ਸਭ ਕੁੱਝ ਮੈਂ ਭਾਜਪਾ ਦੇ ਇਸ਼ਾਰੇ ’ਤੇ ਕੀਤਾ ਹੈ। ਇਹ ਐਫਆਈਆਰ ਅੱਠ ਸਾਲ ਪਹਿਲਾਂ 2016 ਵਿੱਚ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਅਤੇ ਐੱਲਜੀ ਨੇ ਮੈਨੂੰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਿਯੁਕਤ ਕੀਤਾ, ਕੇਸ ਪੂਰੀ ਤਰ੍ਹਾਂ ਫ਼ਰਜ਼ੀ ਹੈ ਤੇ ਹਾਈਕੋਰਟ ਨੇ ਡੇਢ ਸਾਲ ਪਹਿਲਾਂ ਇਸ ’ਤੇ ਸਟੇਅ ਲਗਾਈ ਸੀ। ਉਸ ਨੇ ਮੰਨਿਆ ਹੈ ਕਿ ਪੈਸੇ ਦਾ ਕੋਈ ਲੈਣ-ਦੇਣ ਨਹੀਂ ਹੋਇਆ।