ਗੁਰਚਰਨ ਕੌਰ ਥਿੰਦ
‘ਖੂਹ ਦੀਆਂ ਟਿੰਡਾਂ’ ਰੁਪਿੰਦਰ ਥਰਾਜ (ਕੈਨੇਡਾ) ਦਾ ਪਲੇਠਾ ਕਹਾਣੀ ਸੰਗ੍ਰਹਿ ਹੈ। ਇਸ ਵਿੱਚ ਕੁੱਲ 17 ਕਹਾਣੀਆਂ ਹਨ ਜਿਨ੍ਹਾਂ ਵਿੱਚੋਂ ਪਹਿਲੀਆਂ ਕੁਝ ਮਿੰਨੀ ਕਹਾਣੀਆਂ ਹਨ ਅਤੇ ਜਿਉਂ ਜਿਉਂ ਕਿਤਾਬ ਦੇ ਅਗਲੇਰੇ ਪੰਨਿਆਂ ਵੱਲ ਵਧਦੇ ਹਾਂ ਤਾਂ ਮਿੰਨੀ ਦੀ ਥਾਂ ਛੋਟੀ ਕਹਾਣੀ ਪੜ੍ਹਨ ਨੂੰ ਮਿਲਦੀ ਹੈ। ਇਹ ਪ੍ਰਕਰਣ ਲੇਖਕ ਦੀਆਂ ਕਹਾਣੀਆਂ ਦਾ ਲੰਮੀ ਕਹਾਣੀ ਵੱਲ ਵਿਕਾਸ ਦਰਸਾਉਂਦਾ ਲੱਗਦਾ ਹੈ।
ਸਰਲ ਤੇ ਸਾਦੀ ਭਾਸ਼ਾ ਵਿੱਚ ਲਿਖੀਆਂ ਇਹ ਬਾਤਾਂ ਵਰਗੀਆਂ ਕਹਾਣੀਆਂ ਦਾ ਵਿਸ਼ਾ ਮੁੱਖ ਤੌਰ ’ਤੇ ਸਮਾਜਿਕ ਰਿਸ਼ਤਿਆਂ ਦੀ ਮਿਠਾਸ, ਰਿਸ਼ਤਿਆਂ ਦੇ ਨਿਭਾਅ, ਰਿਸ਼ਤਿਆਂ ਵਿਚਲੀ ਤਸੱਲੀ ਤੇ ਤਲਖ਼ੀ ਅਤੇ ਨਿੱਘ ਤੇ ਪਸਰ ਰਹੀਆਂ ਦੂਰੀਆਂ ਵਰਗੇ ਭਿੰਨ ਭਿੰਨ ਰੂਪਾਂ ਨੂੰ ਉਜਾਗਰ ਕਰਦਾ ਹੈ। ਆਪਣੀ ਜੰਮਣ-ਭੋਇੰ ਨੂੰ ਛੱਡ ਵਿਦੇਸ਼ ਜਾ ਵੱਸਣਾ ਵੱਖ ਵੱਖ ਸਮਿਆਂ ’ਤੇ ਮਨੁੱਖ ਦੀ ਲੋੜ, ਰੀਝ ਜਾਂ ਹਾਲਾਤ ਦੀ ਮਜਬੂਰੀ ਬਣ ਮਨੁੱਖ ਨੂੰ ਆਪਣੀਆਂ ਜੜ੍ਹਾਂ ਤੋਂ ਉਖਾੜ ਪਰਦੇਸਾਂ ਦਾ ਵਾਸੀ ਬਣਾਉਂਦਾ ਰਿਹਾ ਹੈ। ਫਿਰ ਉਸ ਵਿਦੇਸ਼ੀ ਧਰਤੀ ’ਤੇ ਆਪਣੀ ਮਿੱਟੀ ਦੀ ਖ਼ੁਸ਼ਬੂ ਤੇ ਆਪਣਿਆਂ ਦੇ ਨਿੱਘ ਦਾ ਤਰਸੇਵਾਂ ਕਾਲਜੇ ਨੂੰ ਧੂਅ ਪਾਉਂਦਾ ਹੈ ਤਾਂ ਲੰਮੇ ਅੰਤਰਾਲ ਬਾਅਦ ਦੇਸ਼ ਅਤੇ ਘਰ ਵਾਪਸੀ ਵੇਲੇ ਆਪਣਿਆਂ ਵੱਲੋਂ ਦਰਪੇਸ਼ ਬੇਗਾਨਗੀ ਅਤੇ ਉਸ ਆਪਣੀ ਥਾਂ ਅਜਨਬੀ ਹੋਣ ’ਤੇ ਜੋ ਗੁਜ਼ਰਦੀ ਹੈ, ਉਹ ਉਹੋ ਬੰਦਾ ਹੀ ਜਾਣਦਾ ਹੈ ਜੋ ਕਈ ਦਹਾਕਿਆਂ ਬਾਅਦ ਬੜੀਆਂ ਉਮੰਗਾਂ ਤੇ ਆਸਾਂ ਨਾਲ ਮੁੜਿਆ ਹੁੰਦਾ ਹੈ। ਕਹਾਣੀਕਾਰ ਨੇ ਆਪਣੀਆਂ ਇਨ੍ਹਾਂ ਨਿੱਕੀਆਂ ਕਹਾਣੀਆਂ ਵਿੱਚ ਇਸ ਭੂ-ਹੇਰਵੇ ਨੂੰ ਵੀ ਬੜੀ ਸ਼ਿੱਦਤ ਨਾਲ ਰੂਪਮਾਨ ਕੀਤਾ ਹੈ।
ਸ਼ਗਨਾਂ ਦੀ ਪ੍ਰਤੀਕ ‘ਖੰਮਣੀ’ ਨਾਂ ਦੀ ਪਹਿਲੀ ਮਿੰਨੀ ਕਹਾਣੀ ਨਾਲ ‘ਖੂਹ ਦੀਆਂ ਟਿੰਡਾਂ’ ਕਹਾਣੀ ਸੰਗ੍ਰਹਿ ਸ਼ੁਰੂ ਹੁੰਦਾ ਹੈ। ਇਹ ਵਿਦੇਸ਼ ਗਏ ਇੰਦਰ ਨਾਂ ਦੇ ਅੰਤਰਰਾਸ਼ਟਰੀ ਵਿਦਿਆਰਥੀ ਦੇ ਪੜ੍ਹਾਈ ਦੇ ਨਾਲ ਕੰਮ ਲੱਭਣ ਤੇ ਮਾਈਨਸ 40 ਡਿਗਰੀ ਵਿੱਚ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਦੇ ਸੰਘਰਸ਼ ਤੇ ਲੋੜ ਦੀ ਨਿੱਕੀ ਜਿਹੀ ਗਾਥਾ ਹੈ। ਰੱਖੜੀ ਵਾਲੇ ਦਿਨ ਘਰ ਦੀ ਤੇ ਤਾਏ ਦੀ ਧੀ ਭੈਣ ਸ਼ਿੰਦੋ ਦੀ ਯਾਦ ਉਸ ਨੂੰ ਰੁਆ ਦਿੰਦੀ ਹੈ। ਫੋਨ ’ਤੇ ਉਸ ਦੀ ਮਾਂ ਦੀ ਹਦਾਇਤ, “ਪੁੱਤ ਇੱਥੇ ਕੋਈ ਹੈਗਾ ਤੇਰੇ ਰੱਖੜੀ ਬੰਨ੍ਹਣ ਲਈ?” ਇੰਦਰ ਦੀ ਨਾਂਹ ਸੁਣਨ ਤੋਂ ਪਹਿਲਾਂ ਹੀ ਉਹਦੀ ਮਾਂ ਦਾ ਆਖ ਦੇਣਾ, “ਚੱਲ ਕੋਈ ਨਾ ਪੁੱਤ ਇੱਥੇ ਆਪੀ ਗੁੱਟ ’ਤੇ ਖੱਮਣੀ ਬੰਨ੍ਹ ਕੇ ਸ਼ਗਨ ਕਰਲੀਂ। ਫਿਰ ਹੋਰ ਕੀ ਆ।” ਰਿਸ਼ਤਿਆਂ ਦੇ ਮਾਣੇ ਨਿੱਘ ਦੀ ਯਾਦ ਨਾਲ ਐਸ ਵੇਲੇ ਖਾਲੀ ਗੁੱਟ, ਸ਼ਗਨਾਂ ਵਾਲੀ ਖੰਮਣੀ ਦੀ ਬਜਾਏ, ਯਾਦਾਂ ਦੀ ਭੁੱਬਲ ਬਣ ਖਲੋਂਦਾ ਹੈ।
ਇਸੇ ਤਰ੍ਹਾਂ ‘ਚੁੱਲ੍ਹੇ ਉੱਗਿਆ ਘਾਹ’ ਛੋਟੀ ਕਹਾਣੀ ਵੀ 35 ਵਰ੍ਹਿਆਂ ਬਾਅਦ ਆਪਣੀ ਜੰਮਣ-ਭੋਇੰ ’ਤੇ ਮੁੜੇ ਬਸੰਤ ਸਿੰਘ ਦੇ ਮਨੋਭਾਵਾਂ ਅਤੇ ਪੁਰਾਣੇ ਘਰ ਨੂੰ ਵੇਖਣ ਦੀ ਚਾਹਨਾ ਦਾ ਭਾਵਪੂਰਤ ਉਲੇਖ ਹੈ। ਘਰ ਦੇ ਚੁੱਲ੍ਹੇ ਵਿੱਚ ਉੱਗਿਆ ਘਾਹ ਉਸ ਨੂੰ ਪੰਜਾਬ ਦੇ ਨਿਘਾਰ ਦੀ ਨਿਸ਼ਾਨੀ ਪ੍ਰਤੀਤ ਹੁੰਦਾ ਹੈ। ਉਹਦਾ ਲੰਮਾ ਹਉਕਾ ਹੈ ਕਿ ‘ਇਹ ਕੇਵਲ ਉਸ ਦੇ ਘਰ ਦੀ ਨਹੀਂ ਬਲਕਿ ਪੰਜਾਬ ਦੇ ਹਰ ਤੀਜੇ ਘਰ ਦੇ ਚੁੱਲ੍ਹੇ ਉੱਗੇ ਘਾਹ ਦੀ ਤਰਾਸਦੀ ਹੈ।’ ਇਹ ਪੰਜਾਬੀਆਂ ਦੇ ਵਿਦੇਸ਼ਾਂ ਵੱਲ ਤੇਜ਼ੀ ਨਾਲ ਹੋ ਰਹੇ ਪਲਾਇਨ ਦਾ ਸੋਗੀ ਵਰਨਣ ਹੈ। ‘ਬਲਦੇ ਸਿਵੇ ਦਾ ਸੇਕ’ ਤੇ ‘ਬੋੜਾ ਖੂਹ’ ਵੀ ਪਰਵਾਸ ਤੇ ਭੂ-ਹੇਰਵੇ ਦੀ ਸੰਖੇਪ ਗਾਥਾ ਹੈ।
ਮਾਨਵੀ ਰਿਸ਼ਤਿਆਂ ਦੀ ਟੁੱਟ-ਭੱਜ ਅੱਜ ਦੇ ਸਮਾਜ ਦੇ ਮੱਥੇ ’ਤੇ ਕਲੰਕ ਬਣ ਗਿਆ ਹੈ। ਮਿਹਨਤੀ ਤੇ ਸਿਰੜੀ ਦੋ ਪੁਸ਼ਤਾਂ ਦੀ ਅਜੋਕੀ ਤੀਸਰੀ ਪੀੜ੍ਹੀ ਅਵੇਸਲੀ, ਖ਼ਰਚੀਲੀ, ਅਲਗਰਜ਼ ਤੇ ਨਸ਼ਿਆਂ ਦੀ ਸ਼ਿਕਾਰ ਹੋ ਰਿਸ਼ਤਿਆਂ ਨੂੰ ਟਿੱਚ ਕਰਕੇ ਜਾਣਦੀ ‘ਸਲ੍ਹਾਬੇ ਰਿਸ਼ਤੇ’ ਵਿੱਚ ਘਰ ਵਿੱਚ ਕੰਧ ਕੱਢਣ ਲਈ ਬਜ਼ਿੱਦ ਹੈ ਤਾਂ ਜੋ ਮਨਆਈਆਂ ਕਰ ਸਕੇ। ‘ਖੈਰ ਸੁੱਖ, ਖੂਨ ਦੇ ਰਿਸ਼ਤੇ, ਸ਼ਰੀਕ, ਭੁੱਬਲ ਤੇ ਖੂਹ ਦੀਆਂ ਟਿੰਡਾਂ’ ਸਾਡੇ ਸਮਾਜ ਵਿੱਚ ਰਿਸ਼ਤਿਆਂ ਵਿੱਚ ਪੈ ਰਹੇ ਮਘੋਰਿਆਂ ਦੀ ਦਾਸਤਾਨ ਦਰਸਾਉਂਦੀਆਂ ਹਨ। ਉਂਜ ਲੇਖਕ ਨੇ ਇਨ੍ਹਾਂ ਮਘੋਰਿਆਂ ਨੂੰ ਭਰਨ ਦਾ ਉਪਰਾਲਾ, ਕਿਸੇ ਸੂਝਵਾਨ ਪਾਤਰ ਰਾਹੀਂ ਕਰਵਾ ਕੇ ਸਮਾਜ ਨੂੰ ਸਿੱਖਿਆ ਤੇ ਸੇਧ ਦੇਣ ਦਾ ਕਾਰਜ ਵੀ ਕੀਤਾ ਹੈ।
ਮੌਜੂਦਾ ਸਮਾਜ ਤੇ ਸਿਸਟਮ ’ਤੇ ਪ੍ਰਸ਼ਨ ਚਿੰਨ੍ਹ ਲਾਉਣ ਵਾਲੇ ਵਿਸ਼ੇ ਜਿਵੇਂ ਬਾਲ ਮਜ਼ਦੂਰੀ, ਨਸ਼ਿਆਂ ਦੀ ਲਤ ਨਾਲ ਨੌਜਵਾਨਾਂ ਦੀ ਮੌਤ, ਬੇਲੋੜੀਆਂ ਲੋੜਾਂ ਤੇ ਵਾਧੂ ਖ਼ਰਚ, ਘਰ ਦੇ ਮੋਹਰੀ ਬਜ਼ੁਰਗਾਂ ਦੀ ਬੇਹੁਰਮਤੀ ਤੇ ਦੁਰਵਿਹਾਰ ਵਿਸ਼ਿਆਂ ਨੂੰ ਵੀ ਨੌਜਵਾਨ ਲੇਖਕ ਨੇ ਮਹਿਸੂਸਿਆ ਅਤੇ ਉਭਾਰਿਆ ਹੈ। ਸੋ ਲੇਖਕ ਕੋਲ ਕਹਾਣੀਆਂ ਦੇ ਵਿਸ਼ੇ ਹਨ, ਅਨੁਭਵ ਹੈ ਅਤੇ ਬਿਆਨ ਕਰਨ ਦੀ ਵਿਧਾ ਤੇ ਵੱਲ ਵੀ ਹੈ। ਉਮੀਦ ਹੀ ਨਹੀਂ ਪੂਰਾ ਯਕੀਨ ਹੈ ਕਿ ਸਮੇਂ ਦੇ ਨਾਲ ਲੇਖਣੀ ਵਿੱਚ ਹੋਰ ਨਿਖਾਰ ਆਵੇਗਾ। ਰੁਮਕ ਰੁਮਕ ਵਗਦੇ ਟਿੰਡਾਂ ਵਾਲੇ ਖੂਹ ਨਾਲ ਹੋਈ ਲੇਖਣੀ ਦੀ ਸ਼ੁਰੂਆਤ ਛੇਤੀ ਹੀ ਟਿਊਬਵੈੱਲ ਦੀ ਤੇਜ਼ ਧਾਰ ਬਣ ਵਹਿ ਤੁਰੇਗੀ।
ਇਹ ਕਿਤਾਬ ਖ਼ਾਸ ਤੌਰ ’ਤੇ ਨਵੇਂ ਪਾਠਕਾਂ ਦੇ ਪੜ੍ਹਨਯੋਗ ਹੈ। ਛੋਟੇ ਛੋਟੇ ਵਾਕਾਂ ਵਾਲੀਆਂ ਸਰਲ ਤੇ ਸਾਦਾ ਭਾਸ਼ਾ ਵਿੱਚ ਲਿਖੀਆਂ ਇਹ ਛੋਟੀਆਂ ਛੋਟੀਆਂ ਕਹਾਣੀਆਂ ਉਨ੍ਹਾਂ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਨ ਦੇ ਸਮਰੱਥ ਹਨ। ਇਨ੍ਹਾਂ ਰਾਹੀਂ ਉਹ ਸਮਾਜਿਕ ਸਰੋਕਾਰਾਂ ਨੂੰ ਸੌਖਿਆਂ ਹੀ ਸਮਝ ਅਤੇ ਜਾਣ ਸਕਦੇ ਹਨ।
ਈਮੇਲ: gkthind6@gmail.com