ਮੁੰਬਈ: ਬੌਲੀਵੁਡ ਅਦਾਕਾਰ ਰਾਜਕੁਮਾਰ ਰਾਓ ਅਤੇ ਜਾਹਨਵੀ ਕਪੂਰ ਦੀ ਫਿਲਮ ‘ਮਿਸਟਰ ਐਂਡ ਮਿਸਿਜ਼ ਮਾਹੀ’ ਦੇ ਰਿਲੀਜ਼ ਹੋਣ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਪਣੀ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਦੋਵੇਂ ਅਦਾਕਾਰ ਵਾਰਾਨਸੀ ’ਚ ਗੰਗਾ ਕਿਨਾਰੇ ਆਰਤੀ ਕਰਦੇ ਨਜ਼ਰ ਆਏ। ਇਨ੍ਹਾਂ ਦੋਵਾਂ ਨੇ ਬੀਤੇ ਕੱਲ੍ਹ ਮੁੰਬਈ ਵਿੱਚ ਲੋਕ ਸਭਾ ਦੇ ਪੰਜਵੇਂ ਗੇੜ ਵਿੱਚ ਹੋਏ ਮਤਦਾਨ ਦੌਰਾਨ ਵੋਟ ਪਾਈ ਸੀ ਤੇ ਉਹ ਅੱਜ ਵਾਰਾਨਸੀ ਪੁੱਜੇ। ਉਨ੍ਹਾਂ ਦਸ਼ਅਸ਼ਵਸਮੇਧ ਘਾਟ ’ਤੇ ਪ੍ਰਾਰਥਨਾ ਕਰਦਿਆਂ ਭਗਵਾਨ ਦਾ ਅਸ਼ੀਰਵਾਦ ਲਿਆ। ਇਸ ਮੌਕੇ ਜਾਹਨਵੀ ਨੇ ਨੀਲੇ ਤੇ ਚਾਂਦੀ ਰੰਗ ਦੀ ਬਨਾਰਸੀ ਸਾੜੀ ਪਾਈ ਹੋਈ ਸੀ ਤੇ ਝੁਮਕੇ ਪਾਏ ਹੋਏ ਸਨ। ਉਸ ਨੇ ਆਪਣੇ ਜੂੜੇ ਨਾਲ ਗਜਰਾ ਵੀ ਲਪੇਟਿਆ ਹੋਇਆ ਸੀ। ਦੂਜੇ ਪਾਸੇ ਰਾਜਕੁਮਾਰ ਨੇ ਚਿੱਟੀ ਸੂਤੀ ਕਮੀਜ਼ ਤੇ ਪੈਂਟ ਪਾਈ ਹੋਈ ਸੀ। ਇਸ ਤੋਂ ਬਾਅਦ ਜਾਹਨਵੀ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨ ਨਵੀਂ ਦਿੱਲੀ ਪੁੱਜੀ। ਇਸ ਰੋਮਾਂਟਿਕ ਸਪੋਰਟਸ ਡਰਾਮਾ ਫਿਲਮ ਦਾ ਨਿਰਦੇਸ਼ਨ ਸ਼ਰਨ ਸ਼ਰਮਾ ਨੇ ਕੀਤਾ ਹੈ ਅਤੇ ਇਹ ਫਿਲਮ 31 ਮਈ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ