ਜਗਮੋਹਨ ਸਿੰਘ
ਘਨੌਲੀ, 21 ਮਈ
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਰਤਗੜ੍ਹ ਖੇਤਰ ਦੇ ਬੜਾ ਪਿੰਡ ਤੇ ਅਵਾਨਕੋਟ ਵਿੱਚ ਚੋਣ ਮੀਟਿੰਗਾਂ ਕੀਤੀਆਂ। ਇਸ ਮੌਕੇ ਉਨ੍ਹਾਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਵਿਕਾਸ ਕਾਰਜਾਂ ਵਿੱਚ ਅੜਿੱਕੇ ਡਾਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਬਣਨ ਉਪਰੰਤ ਕੀਰਤਪੁਰ ਸਾਹਿਬ ਵਿੱਚ ਲੋਕਾਂ ਦੇ ਘਰ ਬਣਨ ਤੋਂ ਰੋਕੇ ਜਾ ਰਹੇ ਹਨ, ਇਸ ਦਾ ਉਨ੍ਹਾਂ ਨੂੰ ਅਫ਼ਸੋਸ ਹੈ। ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨਾਲ ਜਿੰਨਾ ਮਰਜ਼ੀ ਵੈਰ ਕੱਢ ਲੈਣ, ਪਰ ਲੋਕਾਂ ਦੀਆਂ ਬਦਅਸੀਸਾਂ ਨਾ ਲਈਆਂ ਜਾਣ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਕੀਰਤਪੁਰ ਸਾਹਿਬ ਲਈ ਅਜਿਹਾ ਵਿਸ਼ੇਸ਼ ਪਲਾਨ ਲਿਆਉਣਗੇ, ਜਿਸ ਨਾਲ ਆਮ ਲੋਕਾਂ ਨੂੰ ਆਪਣੇ ਘਰਾਂ ਵਿੱਚ ਵਾਧਾ ਕਰਨ ਜਾਂ ਨਵਾਂ ਮਕਾਨ ਬਣਾਉਣ ਲਈ ਕੋਈ ਮੁਸ਼ਕਲ ਨਹੀਂ ਆਵੇਗੀ।
ਇਸ ਮੌਕੇ ਸ੍ਰੀ ਕੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਹਿਲੀ ਜੂਨ ਨੂੰ ਝਾੜੂ ਦਾ ਬਟਨ ਦਬਾ ਕੇ ਉਨ੍ਹਾਂ ਨੂੰ ਸੰਸਦ ਵਿੱਚ ਭੇਜਣ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਉਹ ਸਦਾ ਆਪਣੇ ਹਲਕੇ ਵਿੱਚ ਹੀ ਰਹਿਣਗੇ ਅਤੇ ਹਲਕੇ ਦਾ ਕੋਈ ਵੀ ਵਿਅਕਤੀ ਹੁਣ ਵਾਂਗ ਹੀ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕੇਗਾ। ਇਸ ਮੌਕੇ ਕਈ ਵਿਅਕਤੀਆਂ ਨੇ ‘ਆਪ’ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਤੇ ਜੁਝਾਰ ਸਿੰਘ ਆਸਪੁਰ, ਹਰਵਿੰਦਰ ਕੌਰ ਕੋਟਬਾਲਾ, ਮਨਜੀਤ ਸਿੰਘ ਆਲੋਵਾਲ, ਨੰਬਰਦਾਰ ਗੁਰਮੇਲ ਸਿੰਘ, ਸਾਬਕਾ ਸਰਪੰਚ ਧੰਨਾ ਸਿੰਘ ਬਾਠ, ਤਰਲੋਚਨ ਸਿੰਘ, ਸਤਨਾਮ ਸਿੰਘ ਆਦਿ ਸਮੇਤ ਹੋਰ ਕਈ ਆਪ ਆਗੂ ਤੇ ਵਰਕਰ ਹਾਜ਼ਰ ਸਨ।