ਐੱਨਪੀ. ਧਵਨ
ਪਠਾਨਕੋਟ, 21 ਮਈ
‘‘ਧਰਮ ਦੇ ਨਾਂ ਤੇ ਰਾਜਨੀਤੀ ਕਰ ਕੇ ਭਾਜਪਾ ਦੇਸ਼ ਦੇ ਲੋਕਾਂ ਵਿੱਚ ਵੰਡੀਆਂ ਪਾ ਰਹੀ ਹੈ, ਜੋ ਕਿਸੇ ਵੀ ਤਰ੍ਹਾਂ ਠੀਕ ਨਹੀਂ। ਰਾਜਨੀਤੀ ਦਾ ਦਾਇਰਾ ਰਾਜਨੀਤੀ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਹੈ ਅਤੇ ਧਾਰਮਿਕ ਮਾਮਲਿਆਂ ਨੂੰ ਰਾਜਨੀਤੀ ਵਿੱਚ ਨਹੀਂ ਲਿਆਉਣਾ ਚਾਹੀਦਾ।’’ ਇਹ ਪ੍ਰਗਟਾਵਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਰਹੱਦੀ ਬਲਾਕ ਬਮਿਆਲ ਦੇ ਪਿੰਡ ਕਿੱਲਪੁਰ ਵਿੱਚ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਲੋਕ ਸਭਾ ਹਲਕਾ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਕੀਤੇ ਗਏ ਇਸ ਚੋਣ ਪ੍ਰਚਾਰ ਸਮੇਂ ਦਰਜਨ ਤੋਂ ਵੱਧ ਪਰਿਵਾਰ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾਂ ਵਿੱਚ ਸ਼ਾਲੂ ਵਰਮਾ, ਯੁਵਰਾਜ ਸਿੰਘ, ਬਲਵਿੰਦਰ ਸਿੰਘ, ਸੰਦੀਪ ਕੁਮਾਰ, ਜੌਨੀ ਕੁਮਾਰ, ਮੁਕੇਸ਼ ਕੁਮਾਰ, ਸੁਨੀਲ ਕੁਮਾਰ, ਵਿਨੋਦ ਕੁਮਾਰ, ਅਮਨ ਸਿੰਘ, ਕੰਨੂ ਮਹਾਜਨ, ਰਾਕੇਸ਼ ਕੁਮਾਰ, ਮੰਡਲ ਪ੍ਰਧਾਨ ਛਿੱਬੋ ਦੇਵੀ, ਪ੍ਰਿੰਸ ਆਦਿ ਪ੍ਰਮੁੱਖ ਸਨ। ਇਹ ਚੋਣ ਪ੍ਰਚਾਰ ਪਿੰਡ ਕਿੱਲਪੁਰ ਤੋਂ ਸ਼ੁਰੂ ਹੋ ਕੇ ਉਦੀਪੁਰ, ਰੱਤੜਵਾਂ, ਛਾਉੜੀਆਂ, ਬਕਨੌਰ, ਨਰਾਇਣਪੁਰ ਅਤੇ ਸਾਹਿਬ ਚੱਕ ਵਿੱਚ ਆ ਕੇ ਸਮਾਪਤ ਹੋਇਆ। ਇਸ ਮੌਕੇ ਤੇ ਬਲਾਕ ਪ੍ਰਧਾਨ ਅਸ਼ਵਨੀ ਕੁਮਾਰ, ਸੁਰਜੀਤ, ਕੁਲਵੰਤ ਸਿੰਘ, ਪਰਵੀਨ ਕੁਮਾਰ, ਮਾਸਟਰ ਹਜ਼ਾਰੀ ਲਾਲ, ਰਾਕੇਸ਼, ਹਰਬੰਸ, ਰਾਹੁਲ, ਰੂਪ ਸਿੰਘ, ਦਰਸ਼ਨ, ਜੋਤੀ, ਬਿੱਲਾ, ਕਰਮ ਚੰਦ, ਸਰਪੰਚ ਰਮੇਸ਼ ਕੁਮਾਰ, ਰਾਹੁਲ ਕਟੋਚ, ਡਾ. ਨਿਖਿਲ, ਜਤਿੰਦਰ ਮੋਹਨ, ਸ਼ਿੰਦਾ ਆਦਿ ਹਾਜ਼ਰ ਸਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਵਿਕਾਸ ਅਤੇ ਰੁਜ਼ਗਾਰ ਦੇ ਨਾਮ ਤੇ ਰਾਜਨੀਤੀ ਕੀਤੀ ਹੈ ਜਦ ਕਿ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡਦੀ ਆਈ ਹੈ। ਉਨ੍ਹਾਂ ਆਖਿਆ ਕਿ ਦੇਸ਼ ਵਿੱਚ ਵਿਕਾਸ ਦੇ ਨਾਮ ਤੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਅੰਦਰ ਰੁਪਏ ਦੀ ਹਾਲਤ ਤਾਂ ਸੁਧਾਰ ਨਹੀਂ ਸਕੇ ਉਲਟਾ ਵਰਲਡ ਬੈਂਕ ਤੋਂ ਕਰਜ਼ਾ ਲੈ ਕੇ ਦੇਸ਼ ਨੂੰ ਹੋਰ ਕਰਜ਼ਾਈ ਕਰ ਦਿੱਤਾ ਹੈ।