ਜਗਰਾਉਂ:
ਸਥਾਨਕ ਡੀਏਵੀ ਪਬਲਿਕ ਸਕੂਲ ਦੀ ਗੁਣਵੀਨ ਕੌਰ ਨੇ ਪੰਜਾਬ ਸਟੇਟ ਜੂਨੀਅਰ ਕਿਕਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਡੀਏਵੀ ਸਕੂਲ ਦੇ ਪ੍ਰਿੰਸੀਪਲ ਵੇਦ ਵ੍ਰਤ ਪਲਾਹਾ ਨੇ ਦੱਸਿਆ ਕਿ ਗੁਣਵੀਨ ਕੌਰ ਨੇ ਜ਼ਿਲ੍ਹਾ ਲੁਧਿਆਣਾ ਦੀ ਕਿਕਬਾਕਸਿੰਗ ਟੀਮ ਵਲੋਂ ਖੇਡਦਿਆਂ 21ਵੀਂ ਪੰਜਾਬ ਸਟੇਟ ਜੂਨੀਅਰ ਕਿਕਬਾਕਸਿੰਗ ਚੈਂਪੀਅਨਸ਼ਿਪ ਵਿੱਚ +70 ਕਿਲੋ ਵਰਗ ਵਿੱਚ ਇਹ ਜਿੱਤ ਦਰਜ ਕੀਤੀ। ਇਹ ਚੈਂਪੀਅਨਸ਼ਿਪ ਬਠਿੰਡਾ ਦੇ ਸਪੋਰਟਸ ਕੰਪਲੈਕਸ ਵਿਖੇ ਹੋਈ। ਉਨ੍ਹਾਂ ਦੱਸਿਆ ਕਿ ਇਸ ਜਿੱਤ ਮਗਰੋਂ ਗੁਣਵੀਨ ਕੌਰ ਦੀ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ ਜੋ 9 ਤੋਂ 14 ਤੋਂ ਜੂਨ ਤਕ ਸਿਲੀਗੁੜੀ ਪੱਛਮੀ ਬੰਗਾਲ ਵਿਖੇ ਹੋਣ ਜਾ ਰਹੀ ਹੈ। ਗੁਣਵੀਨ ਕੌਰ ਪੰਜਾਬ ਕਿਕਬਾਕਸਿੰਗ ਐਸੋਸੀਏਸ਼ਨ ਵਲੋਂ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ। ਅੱਜ ਸੋਨ ਤਗ਼ਮਾ ਜਿੱਤ ਕੇ ਆਉਣ ’ਤੇ ਗੁਣਵੀਨ ਕੌਰ ਦਾ ਸਕੂਲ ਆਉਣ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਕੋਚ ਸੁਰਿੰਦਰ ਪਾਲ ਵਿਜ ,ਡੀਪੀਈ ਹਰਦੀਪ ਸਿੰਘ, ਜਗਦੀਪ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ