ਗੁਰਚਰਨ ਸਿੰਘ ਕਾਹਲੋਂ
ਸਿਡਨੀ, 22 ਮਈ
ਆਸਟਰੇਲੀਆ ਵਿੱਚ ਪਰਵਾਸੀਆਂ ਦੀ ਆਮਦ ਨੂੰ ਲੈ ਕੇ ਲੇਬਰ ਸਰਕਾਰ ਤੇ ਲਿਬਰਲ-ਨੈਸ਼ਨਲ ਮੁੱਖ ਵਿਰੋਧੀ ਪਾਰਟੀ ਵਿੱਚ ਬਹਿਸ ਹੋ ਰਹੀ ਹੈ। ਸਦਨ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਪੀਟਰ ਡੱਟਨ ਨੇ ਮਾਈਗਰੇਸ਼ਨ ਘਟਾਉਣ ’ਤੇ ਜ਼ੋਰ ਦਿੱਤਾ ਹੈ। ਮੁਲਕ ਵਿੱਚ ਸਾਲਾਨਾ ਪੀਆਰ (ਪੱਕੀ ਰਿਹਾਇਸ਼) ਮਾਈਗਰੇਸ਼ਨ ਗਿਣਤੀ 1,85,000 ਤੋਂ ਘਟਾ ਕੇ 1,40,000 ਅਤੇ ਸ਼ਰਨਾਰਥੀ-ਮਾਨਵਤਾਵਾਦੀ ਦਾਖਲਾ ਵੀਜ਼ਾ ਪ੍ਰੋਗਰਾਮ ’ਚ ਵੀਜ਼ਾ ਗਿਣਤੀ 20,000 ਤੋਂ ਘਟਾ ਕੇ 13,750 ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਇਮੀਗਰੇਸ਼ਨ ਘਟਾਉਣ ਨਾਲ ਆਸਟਰੇਲੀਆ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਆ ਰਹੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ ਹਨ। ਮੁਲਕ ’ਚ ਘਰਾਂ ਦੀ ਘਾਟ ਹੈ। ਮੌਜੂਦਾ ਘਰ ਖਰੀਦਣ ਵਾਲੇ ਵਿਦੇਸ਼ੀਆਂ ’ਤੇ ਦੋ ਸਾਲਾਂ ਦੀ ਪਾਬੰਦੀ ਲਾਉਣ ਤੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਤੈਅ ਕਰਨੀ ਜ਼ਰੂਰੀ ਹੈ, ਜਿਸ ਨਾਲ ਅਗਲੇ ਚਾਰ ਸਾਲਾਂ ਵਿੱਚ ਆਸਟਰੇਲਿਆਈ ਲੋਕਾਂ ਲਈ ਇੱਕ ਲੱਖ ਘਰ ਮਿਲ ਸਕਣਗੇ ਤੇ ਘਰਾਂ ਦੀ ਥੁੜ੍ਹ ਖਤਮ ਹੋਵੇਗੀ। ਉੱਧਰ ਸਰਕਾਰ ਨੇ ਚਾਲੂ ਵਿੱਤੀ ਸਾਲ 2023-24 (1 ਜੁਲਾਈ ਤੋਂ 30 ਜੂਨ) ਦੌਰਾਨ 1,90,000 ਤੋਂ ਘਟਾ ਕੇ ਨਵੇਂ ਸਾਲ 2024-25 ਵਿੱਚ 1,85,000 ਵੀਜ਼ੇ ਦੇਣ ਅਤੇ ਸਾਲ 2025-26 ਦੀ ਸਾਲਾਨਾ ਮਾਈਗਰੇਸ਼ਨ ਯੋਜਨਾ ਮਿਆਦ ਨੂੰ ਇੱਕ ਸਾਲ ਤੋਂ ਚਾਰ ਸਾਲਾਂ ਦੀ ਬਣਾਉਣ ਦੀ ਗੱਲ ਆਖੀ।