ਪੱਤਰ ਪ੍ਰੇਰਕ
ਮਾਨਸਾ, 22 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਨਸਾ ਦੇ ਮਾੜੇ ਸੀਵਰੇਜ ਸਿਸਟਮ ’ਤੇ ਚਿੰਤਾ ਜ਼ਾਹਿਰ ਕਰਦਿਆਂ ਚੋਣਾਂ ਤੋਂ ਬਾਅਦ ਇਸ ਦੇ ਪੱਕੇ ਹੱਲ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਬਾਰੇ ਲਗਾਤਾਰ 22 ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ ’ਚ ਭੁੱਖ ਹੜਤਾਲੀਆਂ ਨੂੰ ਜੂਸ ਦਾ ਗਲਾਸ ਪਿਆਉਂਦਿਆਂ ਧਰਨਾ ਉਠਾਇਆ ਅਤੇ ਸੀਵਰੇਜ ਦੀ ਸਭ ਤੋਂ ਵੱਡੀ ਤਕਲੀਫ਼ ਦੇ ਸਰਕਾਰ ਵੱਲੋਂ ਚੋਣਾਂ ਤੋਂ ਬਾਅਦ ਹੱਲ ਦਾ ਭਰੋਸਾ ਦਿਵਾਇਆ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਸਥਾ ਦੇ ਨੁਮਾਇੰਦਿਆਂ ਨੂੰ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਚੋਣਾਂ ਤੋਂ ਬਾਅਦ ਸੀਐੱਮ ਹਾਊਸ ਚੰਡੀਗੜ੍ਹ ਵਿੱਚ ਆਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨਾਲ ਇਥੇ ਮੀਟਿੰਗ ਦੌਰਾਨ ਡਾ. ਜਨਕ ਰਾਜ ਸਿੰਗਲਾ, ਡਾ. ਲਖਵਿੰਦਰ ਸਿੰਘ ਮੂਸਾ, ਬਲਵਿੰਦਰ ਸਿੰਘ ਕਾਕਾ, ਹਰਿੰਦਰ ਸਿੰਘ ਮਾਨਸ਼ਾਹੀਆ, ਬਿੱਕਰ ਸਿੰਘ ਮਘਾਣੀਆ, ਐਡਵੋਕੇਟ ਕੇਸਰ ਸਿੰਘ ਧਲੇਵਾਂ, ਵਿਸ਼ਵਦੀਪ ਸਿੰਘ ਬਰਾੜ,ਹਰਦੀਪ ਸਿੰਘ ਸਿੱਧੂ ਹਾਜ਼ਰ ਹੋਏ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੀਵਰੇਜ ਦੇ ਆਰਜ਼ੀ ਪ੍ਰਬੰਧ ਲਈ ਆਧੁਨਿਕ ਮਸ਼ੀਨਾਂ ਮੰਗਵਾ ਕੇ ਪੂਰੇ ਸ਼ਹਿਰ ’ਚ ਸਫਾਈ ਦਾ ਅਭਿਆਨ ਅੱਜ ਸ਼ੁਰੂ ਕਰ ਦਿੱਤਾ ਗਿਆ ਹੈ।
ਵੁਆਇਸ ਆਫ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਧਰਨਾ ਮੁਲਤਵੀ ਕੀਤਾ ਗਿਆ ਹੈ, ਜੇਕਰ ਸਰਕਾਰ ਨੇ ਦੋ- ਤਿੰਨ ਮਹੀਨਿਆਂ ਦੇ ਅੰਦਰ ਸੀਵਰੇਜ ਦੇ ਪੱਕੇ ਹੱਲ ਲਈ ਕੋਈ ਯੋਜਨਾਬੰਦੀ ਨਹੀਂ ਕੀਤੀ ਤਾਂ ਮੁੜ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਚੁਸਪਿੰਦਰਬੀਰ ਸਿੰਘ, ਜਤਿੰਦਰ ਆਗਰਾ, ਓਮ ਪ੍ਰਕਾਸ਼, ਰਾਜ ਕੁਮਾਰ ਜਿੰਦਲ, ਕ੍ਰਿਸ਼ਨ ਚੌਹਾਨ, ਸੁਖਵਿੰਦਰ ਸਿੰਘ ਔਲਖ, ਸੇਠੀ ਸਿੰਘ ਸਰਾਂ, ਸਤੀਸ਼ ਮਹਿਤਾ ਨੇ ਵੀ ਸੰਬੋਧਨ ਕੀਤਾ।
ਰਾਜਸੀ ਰੋਟੀਆਂ ਸੇਕਣ ਦਾ ਦੋਸ਼
ਧਰਨੇ ਦੇ ਮੁਲਤਵੀ ਕਰਨ ਨੂੰ ਲੈ ਕੇ ਸੰਸਥਾ ਦੇ ਕੁਝ ਆਗੂਆਂ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਵਰਗੇ ਭਰੋਸੇ ਪਹਿਲਾਂ ਵੀ ਵਿਧਾਇਕ ਸਣੇ ਸਰਕਾਰ ਦੇ ਹੋਰ ਨੁਮਾਇੰਦਿਆਂ ਵੱਲੋਂ ਦਿੱਤੇ ਜਾ ਚੁੱਕੇ ਹਨ, ਜਿਸ ਕਰਕੇ ਨਾਟਕੀ ਰੂਪ ’ਚ ਧਰਨੇ ਦੀ ਸਮਾਪਤੀ ਸੰਘਰਸ਼ੀ ਲੋਕਾਂ ਦੇ ਡੂੰਘੀ ਸੱਟ ਮਾਰਦੀ ਹੈ। ਡਾ. ਸੰਦੀਪ ਘੰਡ ਨੇ ਕਿਹਾ ਕਿ ਧਰਨਾਕਾਰੀਆਂ ਵਿੱਚ ਸ਼ਾਮਲ ਕੁੱਝ ਲੋਕ ਇਸ ਗੱਲ ਤੋਂ ਗੁੱਸੇ ਵਿੱਚ ਵੇਖੇ ਗਏ ਕਿ ਸੰਸਥਾ ਦੇ ਕੁਝ ਆਗੂਆਂ ਨੇ ਧਰਨੇ ਦੀ ਸਮਾਪਤੀ ਲਈ ਰਾਜਸੀ ਰੋਟੀਆਂ ਸੇਕੀਆਂ ਹਨ।