ਪੱਤਰ ਪ੍ਰੇਰਕ
ਮਾਨਸਾ, 22 ਮਈ
ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਲਈ ਤਾਇਨਾਤ ਕੀਤੇ ਪੁਲੀਸ ਅਬਜ਼ਰਵਰ ਬੀ ਸ਼ੰਕਰ ਜੈਸਵਾਲ ਨੇ ਅੱਜ ਮਾਨਸਾ ਜ਼ਿਲ੍ਹੇ ਦਾ ਦੌਰਾ ਕਰ ਕੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿੱਚ ਬਣੇ ਸਟਰਾਂਗ ਰੂਮ ਅਤੇ ਚੋਣਾਂ ਸਬੰਧੀ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਰਮਲ ਓਸੇਪਚਨ ਵੀ ਮੌਜੂਦ ਸਨ। ਏਡੀਸੀ ਨੇ ਉਨ੍ਹਾਂ ਨੂੰ ਜ਼ਿਲ੍ਹੇ ਵਿਚ ਕੀਤੀਆਂ ਜਾ ਰਹੀਆਂ ਚੋਣ ਤਿਆਰੀਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ 27 ਐੱਸਐੱਸਟੀ ਟੀਮਾਂ ਅਤੇ 27 ਐੱਫਐੱਸਟੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ 24 ਘੰਟੇ ਜ਼ਿਲ੍ਹੇ ਵਿੱਚ ਨਜ਼ਰਸਾਨੀ ਰੱਖ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐੱਫਐੱਸਟੀ ਟੀਮਾਂ ਮੁੱਖ ਤੌਰ ’ਤੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਦੇ ਕੇਸਾਂ ’ਤੇ ਫੌਰੀ ਤੌਰ ’ਤੇ ਪਹੁੰਚਦੀਆਂ ਹਨ, ਜਦੋਂਕਿ ਐੱਸਐੱਸਟੀ ਟੀਮਾਂ ਵੱਖ-ਵੱਖ ਥਾਵਾਂ ’ਤੇ ਪੱਕੇ ਨਾਕੇ ਲਗਾਕੇ ਚੋਣਾਂ ਦੌਰਾਨ ਧਨ ਬਲ ਦੇ ਪ੍ਰਵਾਹ ਨੂੰ ਰੋਕਣ ਲਈ ਕਾਰਵਾਈ ਕਰਦੀਆਂ ਹਨ। ਇਸ ਮੌਕੇ ਤਹਿਸੀਲਦਾਰ ਮਾਨਸਾ ਪ੍ਰਵੀਨ ਕੁਮਾਰ, ਚੋਣ ਕਾਨੂੰਗੋ ਅਮਨਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।