ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਬਰਨਾਲਾ, 23 ਮਈ
ਸੰਗਰੂਰ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਸ਼ਹਿਰ ਵਿੱਚ ਬੀਤੀ ਦੇਰ ਸ਼ਾਮ ਚੋਣ ਰੈਲੀਆਂ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਉਹ ਜੋ ਵੀ ਹੈ, ਸਭ ਬਰਨਾਲਾ ਵਾਸੀਆਂ ਵੱਲੋਂ ਮਿਲੇ ਸਾਥ ਅਤੇ ਸਹਿਯੋਗ ਸਦਕਾ ਹੈ। ਉਨ੍ਹਾਂ ਕਿਹਾ ਕਿ ਅੱਜ ਮੁਕਾਬਲਾ ਤੁਹਾਡੇ ਆਪਣੇ ਪੁੱਤਰ ਤੇ ਬਾਹਰੀ ਉਮੀਦਵਾਰਾਂ ’ਚ ਮੁਕਾਬਲਾ ਹੈ। ਮੀਤ ਹੇਅਰ ਨੇ ਕਿਹਾ ਕਿ ਉਸ ’ਤੇ ਇੱਕ ਪੈਸੇ ਦਾ ਵੀ ਦੋਸ਼ ਲੱਗ ਜਾਵੇ ਤਾਂ ਉਹ ਲੋਕਾਂ ਕੋਲੋਂ ਵੋਟ ਮੰਗਣ ਨਹੀਂ ਆਵੇਗਾ। ਮੀਤ ਹੇਅਰ ਨੇ ਕਿਹਾ ਕਿ ਉਹ ਆਪਣੀ ਸਾਰੀ ਉਮਰ ਉਨ੍ਹਾਂ ਦਾ ਰਿਣੀ ਰਹੇਗਾ। ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਹਲਕੇ ਤੋਂ ਇਸ ਵਾਰ ਸਾਰੀਆਂ ਪਾਰਟੀਆਂ ਨੇ ਬਾਹਰੋਂ ਉਮੀਦਵਾਰ ਲਿਆ ਕੇ ਖੜ੍ਹੇ ਕੀਤੇ ਹਨ। ਹੁਣ ਸੰਗਰੂਰ ਵਾਸੀ ਫੈਸਲਾ ਕਰਨਗੇ ਕਿ ਉਹ ਆਪਣੇ ਹਲਕੇ ਦੀ ਸੇਵਾ ਕਿਸ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵੱਲੋਂ ਪ੍ਰਗਟਾਏ ਭਰੋਸੇ ਉਪਰ ਖਰਾ ਉਤਰਨ ਲਈ ਪੂਰੀ ਵਾਹ ਲਾ ਦੇਣਗੇ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ‘ਆਪ’ ਸਰਕਾਰ ਬਣੀ ਅਤੇ ਪਿਛਲੇ ਦੋ ਸਾਲਾਂ ਵਿੱਚ ਲੋਕਾਂ ਨਾਲ ਕੀਤੇ ਸਭ ਗਾਰੰਟੀਆਂ ਪੂਰੀ ਕੀਤੀਆਂ। ਹਾਲਾਂਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਦੇ ਫੰਡ ਰੋਕ ਲਏ। ਉਨ੍ਹਾਂ ਕਿਹਾ ਕਿ ਇਸ ਵਾਰ ਦੇਸ਼ ਵਿੱਚ ਭਾਜਪਾ ਵਿਰੋਧੀ ਲਹਿਰ ਚੱਲ ਰਹੀ ਹੈ ਅਤੇ ਨਵੀਂ ਬਣਨ ਵਾਲੀ ਸਰਕਾਰ ਵਿੱਚ ਆਪ ਦਾ ਵੱਡਾ ਰੋਲ ਹੋਵੇਗਾ। ਉਨ੍ਹਾਂ ਕਿਹਾ ਉਹ ਸੰਗਰੂਰ ਹਲਕੇ ਅਤੇ ਬਰਨਾਲਾ ਲਈ ਵੱਡੇ ਪ੍ਰਾਜੈਕਟ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਸਾਡੇ ਹਲਕੇ ਨਾਲ ਹਮੇਸ਼ਾ ਹੀ ਵਿਤਕਰਾ ਹੁੰਦਾ ਆਇਆ ਹੈ ਅਤੇ ਇਸ ਵਾਰ ਇਹ ਵਿਤਕਰੇਬਾਜ਼ੀ ਬੰਦ ਕਰਵਾਈ ਜਾਵੇਗੀ।