ਦਲੇਰ ਸਿੰਘ ਚੀਮਾ
ਭੁਲੱਥ, 24 ਮਈ
ਵਿਧਾਨ ਸਭਾ ਹਲਕੇ ਭੁਲੱਥ ਦੇ ਕਸਬਾ ਨਡਾਲਾ ਸਥਿਤ ਇੱਕ ਰਿਜ਼ੋਰਟ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਰੱਖੀ ਮੀਟਿੰਗ ‘ਖਾਸ’ ਵਿਅਕਤੀਆਂ ਲਈ ਹੀ ਬਣ ਕੇ ਰਹਿ ਗਈ ਕਿਉਂਕਿ ਇਸ ਵਿੱਚ ਪੱਤਰਕਾਰਾਂ ਤੇ ਕਾਲੀਆਂ ਪੱਗਾਂ ਵਾਲਿਆਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਇਸ ਦੇ ਰੋਸ ਵਜੋਂ ਹਲਕਾ ਭੁਲੱਥ ਦੇ ਪੱਤਰਕਾਰਾਂ ਵੱਲੋਂ ‘ਆਪ’ ਦੀਆਂ ਸਰਗਰਮੀਆਂ ਦੀ ਕਵਰੇਜ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਕੁੱਝ ‘ਆਪ’ ਵਰਕਰਾਂ ਨੇ ਵੀ ਦੋਸ਼ ਲਾਇਆ ਕਿ ਉਨ੍ਹਾਂ ਨੂੰ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਹੈ। ਹਾਲਾਂਕਿ, ਇਸ ਮੀਟਿੰਗ ਵਿੱਚ ਮੀਡੀਆ ਕਵਰੇਜ ਲਈ ਸਥਾਨਕ ਪਾਰਟੀ ਆਗੂਆਂ ਵੱਲੋਂ ਪੱਤਰਕਾਰਾਂ ਨੂੰ ਸੱਦਾ ਦਿੱਤਾ ਗਿਆ ਸੀ। ਇੱਥੇ ਰਿਜ਼ੋਰਟ ਵੈਡਿੰਗ ਵਿਲਾ ਵਿੱਚ ਰੱਖੀ ਮੀਟਿੰਗ ਵਿੱਚੋਂ ਨਿਰਾਸ਼ ਪਰਤ ਰਹੇ ‘ਆਪ’ ਵਰਕਰਾਂ ਨੇ ਕਿਹਾ ਕਿ ਉਹ ਉਤਸ਼ਾਹ ਨਾਲ ਆਪਣੇ ਆਗੂ ਦੇ ਵਿਚਾਰ ਸੁਣਨ ਲਈ ਆਏ ਸਨ, ਪਰ ਪੁਲੀਸ ਨੇ ਅੰਦਰ ਨਹੀਂ ਜਾਣ ਦਿੱਤਾ। ਇਸ ਤੋਂ ਇਲਾਵਾ ਕਾਲੀਆਂ ਪੱਗਾਂ ਤੇ ਕਾਲੇ ਪਟਕੇ ਵਾਲੇ ਵਿਅਕਤੀਆਂ ਨੂੰ ਵੀ ਰਿਜ਼ੋਰਟ ’ਚ ਜਾਣ ਨਹੀਂ ਦਿੱਤਾ ਗਿਆ।
ਉਧਰ, ਹਲਕਾ ਭੁਲੱਥ ਵਿੱਚ ਭਗਵੰਤ ਮਾਨ ਦੀ ਫੇਰੀ ਦੇ ਮੱਦੇਨਜ਼ਰ ਕਿਸਾਨ ਤੇ ਮਜ਼ਦੂਰ ਆਗੂਆਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਰੱਖਿਆ ਗਿਆ। ਘਰ ਵਿੱਚ ਨਜ਼ਰਬੰਦ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾ ਨੇ ਦੱਸਿਆ ਕਿ ਪੁਲੀਸ ਨੇ ਉਸ ਨੂੰ ਸਵੇਰ ਤੋਂ ਹੀ ਘਰ ਵਿੱਚ ਡੱਕਿਆ ਹੋਇਆ ਹੈ, ਜਦਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਸ਼ਾਂਤਮਈ ਢੰਗ ਨਾਲ ਕਿਸਾਨਾਂ ਦੀਆਂ 11 ਨੁਕਾਤੀ ਮੰਗਾਂ ਸਬੰਧੀ ਯਾਦ-ਪੱਤਰ ਦੇਣ ਦਾ ਪ੍ਰੋਗਰਾਮ ਸੀ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਲੋਕਤੰਤਰੀ ਕਦਰਾਂ-ਕੀਮਤਾਂ ਦਾ ਘਾਣ ਕਰ ਕਰ ਰਹੀ ਹੈ। ਇਸੇ ਤਰ੍ਹਾਂ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਨੂੰ ਵੀ ਘਰ ਵਿੱਚ ਨਜ਼ਰਬੰਦ ਕੀਤਾ ਗਿਆ।
ਉੱਧਰ, ਜਦੋਂ ਸਥਾਨਕ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਦੇ ਯਤਨਾਂ ਦੇ ਬਾਵਜੂਦ ਪੱਤਰਕਾਰਾਂ ਨੂੰ ਦਾਖ਼ਲ ਨਾ ਹੋਣ ਦਿੱਤਾ ਗਿਆ ਤਾਂ ਮੁੱਖ ਮੰਤਰੀ ਦੇ ਮੀਡੀਆ ਸੈੱਲ ਵੱਲੋਂ ਕਥਿਤ ਤੌਰ ’ਤੇ ਕਿਹਾ ਗਿਆ ਕਿ ਉਨ੍ਹਾਂ ਨੂੰ ‘ਅਖ਼ਬਾਰਾਂ ਦੀ ਕਵਰੇਜ ਦੀ ਜ਼ਰੂਰਤ ਨਹੀਂ, ਉਹ ਖੁਦ ਕਵਰੇਜ ਕਰ ਸਕਦੇ ਹਨ’। ਪੱਤਰਕਾਰਾਂ ਨੂੰ ਮੀਟਿੰਗ ਦੀ ਕਵਰੇਜ ਕਰਨ ਲਈ ਆਗਿਆ ਨਾ ਦੇਣ ਦੀ ਵੱਖ-ਵੱਖ ਪਾਰਟੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ।