ਪੱਤਰ ਪ੍ਰੇਰਕ
ਯਮੁਨਾਨਗਰ, 24 ਮਈ
ਇੱਥੋਂ ਦੇ ਪਿੰਡ ਗੜ੍ਹੀ ਗੁੱਜਰਾਂ ਦੇ ਅੱਗ ’ਚ ਝੁਲਸੇ ਇੱਕ ਨੌਜਵਾਨ ਦੀ ਪੀਜੀਆਈ ’ਚ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ’ਤੇ ਲੜਕੇ ਦੀ ਪ੍ਰੇਮਿਕਾ ਦੇ ਮਾਪਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਗੜ੍ਹੀ ਗੁੱਜਰਾਂ ਦੀ ਰਹਿਣ ਵਾਲੀ ਊਸ਼ਾ ਰਾਣੀ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ 22 ਸਾਲਾ ਲੜਕਾ ਰੋਹਿਤ ਮਜ਼ਦੂਰੀ ਦਾ ਕੰਮ ਕਰਦਾ ਸੀ, ਜਿਸ ਨੂੰ ਵਾਲਮੀਕਿ ਕਲੋਨੀ ’ਚ ਰਹਿਣ ਵਾਲੀ ਲੜਕੀ ਨੇ ਆਪਣੇ ਪ੍ਰੇਮ ਜਾਲ ’ਚ ਫਸਾ ਲਿਆ। ਉਸ ਨੇ ਲੜਕੀ ਦੀ ਮਾਂ ਅਰੁਣਾ ਅਤੇ ਪਿਤਾ ਸਤੀਸ਼ ਨਾਲ ਇਸ ਬਾਰੇ ਕਈ ਵਾਰ ਗੱਲ ਕੀਤੀ ਪਰ ਉਨ੍ਹਾਂ ਨੇ ਵੀ ਆਪਣੀ ਬੇਟੀ ਦਾ ਸਾਥ ਦਿੱਤਾ। ਪੀੜਤਾ ਮੁਤਾਬਕ ਉਸ ਨੇ ਅਰੁਣਾ ਅਤੇ ਸਤੀਸ਼ ਨਾਲ ਗੱਲ ਕਰ ਕੇ 6 ਮਹੀਨਿਆਂ ਦੇ ਅੰਦਰ-ਅੰਦਰ ਦੋਵਾਂ ਦਾ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ 18 ਮਈ ਨੂੰ ਲੜਕੀ ਉਨ੍ਹਾਂ ਦੇ ਘਰ ਆਈ ਅਤੇ ਰੋਹਿਤ ’ਤੇ ਤੁਰੰਤ ਉਸ ਨਾਲ ਵਿਆਹ ਕਰਵਾਉਣ ਲਈ ਦਬਾਅ ਪਾਉਣ ਲੱਗੀ।
ਇਸ ਦੌਰਾਨ ਦੋਵਾਂ ਵਿਚਾਲੇ ਝਗੜਾ ਹੋ ਗਿਆ ਤੇ ਕੁਝ ਸਮੇਂ ਬਾਅਦ ਲੜਕੀ ਦੇ ਮਾਪੇ ਵੀ ਉਨ੍ਹਾਂ ਦੇ ਘਰ ਪਹੁੰਚ ਗਏ। ਪੀੜਤਾ ਨੇ ਦੋਸ਼ ਲਾਇਆ ਕਿ ਇਸ ਦੌਰਾਨ ਮੁਲਜ਼ਮਾਂ ਨੇ ਉਸ ਦੇ ਲੜਕੇ ਰੋਹਿਤ ’ਤੇ ਤੇਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ ਅਤੇ ਉਥੋਂ ਫ਼ਰਾਰ ਹੋ ਗਏ। ਰੋਹਿਤ ਦੀ ਬੀਤੀ ਰਾਤ ਪੀਜੀਆਈ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਹਮੀਦਾ ਚੌਕੀ ਦੇ ਇੰਚਾਰਜ ਗੁਰਦਿਆਲ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।