ਕੁਲਵਿੰਦਰ ਕੌਰ
ਫਰੀਦਾਬਾਦ, 24 ਮਈ
ਫਰੀਦਾਬਾਦ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਅਤੇ ਹਰਿਆਣਾ ਦੇ ਸਾਬਕਾ ਕੈਬਨਿਟ ਮੰਤਰੀ ਮਹਿੰਦਰ ਪ੍ਰਤਾਪ ਸਿੰਘ ਨੇ ਅੱਜ
ਆਪਣੇ ਚੋਣ ਦਫ਼ਤਰ ਵਿੱਚ ਜਿੱਥੇ ਵਰਕਰਾਂ ਨੂੰ ਬੂਥਾਂ ’ਤੇ ਸਹੀ ਡਿਊਟੀ ਨਿਭਾਉਣ ਬਾਰੇ ਦੱਸਿਆ, ਉੱਥੇ ਕਈ ਇਲਾਕਿਆਂ ਵਿੱਚ ਘਰ-ਘਰ ਜਾ ਕੇ ਹਲਕੇ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਕਾਂਗਰਸ ਦੇ ਹੱਕ ਵਿੱਚ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ 25 ਮਈ ਨੂੰ ਹੋਣ ਵਾਲੀ ਚੋਣ ਫਰੀਦਾਬਾਦ-ਪਲਵਲ ਦੀ ਦਸ਼ਾ ਅਤੇ ਦਿਸ਼ਾ ਬਦਲਣ ਦੀ ਚੋਣ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਇਸ ਇਲਾਕੇ ਦੀ ਜੋ ਦੁਰਦਸ਼ਾ ਹੋਈ ਹੈ, ਉਹ ਕਿਸੇ ਤੋਂ ਲੁਕੀ ਨਹੀਂ ਹੈ ਕਿਉਂਕਿ ਭਾਜਪਾ ਦੇ ਰਾਜ ਵਿੱਚ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ ਭ੍ਰਿਸ਼ਟਾਚਾਰ ਅਤੇ ਲੁੱਟ-ਖਸੁੱਟ ਦੀ ਹੱਦ ਹੋ ਗਈ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਬੇਈਮਾਨੀ ਦੇ ਮੁਕਾਬਲੇ ਇਮਾਨਦਾਰੀ, ਨਿਮਰਤਾ ਅਤੇ ਬੇਦਾਗ ਅਕਸ ਨੂੰ ਤੋਲ ਕੇ ਇਮਾਨਦਾਰ ਵਿਅਕਤੀ ਨੂੰ ਲੋਕ ਸਭਾ ਲਈ ਚੁਣਿਆ ਜਾਵੇ ਤਾਂ ਜੋ ਫਰੀਦਾਬਾਦ ਹਲਕੇ ਦੇ ਨਾਗਰਿਕਾਂ ਦੇ ਸੁਪਨੇ ਸਾਕਾਰ ਹੋ ਸਕਣ।
ਮਹਿੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਮੈਟਰੋ ਤੋਂ ਇਲਾਵਾ ਸਿੱਖਿਆ, ਮੈਡੀਕਲ, ਬਦਰਪੁਰ ਪੁਲ, ਸਿਕਸ ਲਾਈਨ ਹਾਈਵੇਅ, ਬਾਈਪਾਸ ਰੋਡ ਸਣੇ ਸਾਰੀਆਂ ਵਿਕਾਸ ਯੋਜਨਾਵਾਂ ਕਾਂਗਰਸ ਸਰਕਾਰ ਦਾ ਕੰਮ ਹੈ।