ਪੇਈਚਿੰਗ: ਭਾਰਤ ਦੇ ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਅਤੇ ਬੰਗਲਾਦੇਸ਼ ਦੇ ਕੌਮੀ ਕਵੀ ਕਾਜ਼ੀ ਨਜ਼ਰੂਲ ਇਸਲਾਮ ਦੀ ਯਾਦ ਵਿੱਚ ਇੱਥੇ ਭਾਰਤੀ ਸਫ਼ਾਰਤਖਾਨੇ ਦੇ ਵਿਹੜੇ ਵਿੱਚ ਕਰਵਾਈ ਇੱਕ ਸ਼ਾਮ ਵਿੱਚ ਰੰਗ-ਮੰਚ, ਰਾਬਿੰਦਰ ਸੰਗੀਤ ਅਤੇ 14 ਭਾਸ਼ਾਵਾਂ ਵਿੱਚ ਅਨੁਵਾਦ ‘ਵੇਅਰ ਦਿ ਮਾਈਂਡ ਇਜ਼ ਵਿਦਾਊਟ ਫੀਅਰ’ ਦੇ ਗਾਇਣ ਨੇ ਰੰਗ ਭਰ ਦਿੱਤਾ। ਇਹ ਪ੍ਰੋਗਰਾਮ ਟੈਗੋਰ ਦੀ 163ਵੀਂ ਅਤੇ ‘ਵਿਦਰੋਹੀਕਵੀ’ ਨਜ਼ਰੂਲ ਦੀ 125ਵੀਂ ਜੈਅੰਤੀ ਨੂੰ ਸਮਰਪਿਤ ਸੀ ਜੋ ਭਾਰਤ ਤੇ ਬੰਗਲਾਦੇਸ਼ ਦੇ ਸਫ਼ਾਰਤਖ਼ਾਨਿਆਂ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ ਸੀ। ਦੋਵਾਂ ਦੇਸ਼ਾਂ ਦਾ ਇਹ ਦੂਜਾ ਉਪਰਾਲਾ ਹੈ। ਪਹਿਲਾ ਪ੍ਰੋਗਰਾਮ 2022 ਵਿੱਚ ਕਰਵਾਇਆ ਗਿਆ ਸੀ। ਪ੍ਰੋਗਰਾਮ ਦੌਰਾਨ ਚੀਨ ਵਿੱਚ ਭਾਰਤੀ ਸਫ਼ੀਰ ਪ੍ਰਦੀਪ ਕੁਮਾਰ ਰਾਵਤ ਅਤੇ ਉਸ ਦੇ ਬੰਗਲਾਦੇਸ਼ੀ ਹਮਰੁਤਬਾ ਮੁਹੰਮਦ ਜਾਸ਼ਿਮ ਉੱਦੀਨ ਨੇ ਪ੍ਰਧਾਨਗੀ ਕੀਤੀ। ਪ੍ਰੋਗਰਾਮ ’ਚ ਦੋਵਾਂ ਦੇਸ਼ਾਂ ਦੇ ਡਿਪਲੋਮੇਟਾਂ ਅਤੇ ਪਰਵਾਸੀ ਭਾਰਤੀਆਂ ਨੇ ਕਵਿਤਾਵਾਂ ਪੜ੍ਹੀਆਂ। -ਪੀਟੀਆਈ