ਗੋਰਖਪੁਰ (ਯੂਪੀ), 25 ਮਈ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਇੰਡੀਆ’ ਗੱਠਜੋੜ ਨੂੰ ਨਿਸ਼ਾਨਾ ਬਣਾ ਕੇ ਕੀਤੀ ‘ਮੁਜਰਾ’ ਟਿੱਪਣੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਵਿਰੋਧੀ ਆਗੂਆਂ ਬਾਰੇ ਕਦੇ ਅਜਿਹੀ ਸ਼ਬਦਾਵਲੀ ਨਹੀਂ ਵਰਤੀ ਹੈ। ਇਸ ਤੋਂ ਪਹਿਲਾਂ ਦਿਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਵਿਰੋਧੀ ਗੱਠਜੋੜ ‘ਇੰਡੀਆ’ ’ਤੇ ਤਿੱਖਾ ਹਮਲਾ ਕੀਤਾ ਸੀ ਅਤੇ ਉਸ ’ਤੇ ਮੁਸਲਿਮ ਵੋਟ ਬੈਂਕ ਲਈ ‘ਗੁਲਾਮੀ’ ਅਤੇ ‘ਮੁਜਰਾ’ ਕਰਨ ਦਾ ਦੋਸ਼ ਲਾਇਆ ਸੀ।
ਕਾਂਗਰਸੀ ਆਗੂ ਨੇ ਕਿਹਾ ਕਿ ਪੂਰਾ ਦੇਸ਼ ਪ੍ਰਧਾਨ ਮੰਤਰੀ ਅਹੁਦੇ ਦਾ ਸਨਮਾਨ ਕਰਦਾ ਹੈ ਅਤੇ ਇਸ ਅਹੁਦੇ ਦੀ ਮਾਣ-ਮਰਿਆਦਾ ਕਾਇਮ ਰੱਖਣਾ ਮੋਦੀ ਦੀ ਜ਼ਿੰਮੇਵਾਰੀ ਹੈ। ਪ੍ਰਿਯੰਕਾ ਗਾਂਧੀ ਨੇ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਘਬਰਾ ਗਏ ਹਨ ਅਤੇ ਭੁੱਲ ਗਏ ਹਨ ਕਿ ਉਹ ਦੇਸ਼ ਤੇ ਲੋਕਾਂ ਦੇ ਨੁਮਾਇੰਦੇ ਹਨ ਅਤੇ ਅਜਿਹੇ ਸ਼ਬਦ ਉਨ੍ਹਾਂ ਦੇ ਮੂੰਹੋਂ ਨਹੀਂ ਨਿਕਲਣੇ ਚਾਹੀਦੇ।
ਪ੍ਰਿਯੰਕਾ ਗਾਂਧੀ ‘ਇੰਡੀਆ’ ਗੱਠਜੋੜ ਦੀ ਗੋਰਖਪੁਰ ਤੋਂ ਉਮੀਦਵਾਰ ਕਾਜਲ ਨਿਸ਼ਾਦ ਅਤੇ ਬਾਂਸਗਾਓਂ ਤੋਂ ਉਮੀਦਵਾਰ ਸਾਦਲ ਪ੍ਰਸਾਦ ਦੇ ਸਮਰਥਨ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਪਾ ਮੁਖੀ ਅਖਿਲੇਸ਼ ਯਾਦਵ ਵੀ ਮੌਜੂਦ ਸਨ।
ਪ੍ਰਿਯੰਕਾ ਨੇ ਕਿਹਾ, ‘‘ਮੋਦੀ ਜੀ ਨੇ ਬਿਹਾਰ ਵਿੱਚ ਭਾਸ਼ਨ ਦਿੱਤਾ ਹੈ ਅਤੇ ਵਿਰੋਧੀ ਆਗੂਆਂ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਜੋ ਦੇਸ਼ ਦੇ ਇਤਿਹਾਸ ਵਿੱਚ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਵਰਤੇ ਹੋਣਗੇ। ਉਨ੍ਹਾਂ ਕਿਹਾ, ‘‘ਤੁਹਾਡੀ ਆਸਥਾ ਤੇ ਤੁਹਾਡੀਆਂ ਉਮੀਦਾਂ ਕਦੇ ਨਰਿੰਦਰ ਮੋਦੀ ਨਾਲ ਜੁੜੀਆਂ ਸਨ, ਪਰ ਅਹੁਦੇ ਦੀ ਮਰਿਆਦਾ ਬਣਾਈ ਰੱਖਣਾ ਕੀ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਹੈ?’’ ਉਨ੍ਹਾਂ ਕਿਹਾ, ‘‘ਪੂਰਾ ਦੇਸ਼ ਪ੍ਰਧਾਨ ਮੰਤਰੀ ਅਹੁਦੇ ਦਾ ਸਨਮਾਨ ਕਰਦਾ ਹੈ ਅਤੇ ਮੈਂ ਵੀ ਇਸ ਦਾ ਸਨਮਾਨ ਕਰਦੀ ਹਾਂ। ਪਰ ਅੱਜ ਜਿਸ ਤਰ੍ਹਾਂ ਉਹ (ਮੋਦੀ) ਬੋਲ ਰਹੇ ਹਨ। ਅਫਸੋਸ ਦੀ ਗੱਲ ਹੈ ਕਿ ਉਨ੍ਹਾਂ ਦੀ ਅਸਲੀਅਤ ਦਿਖਾਈ ਦੇਣ ਲੱਗੀ ਹੈ।’’
ਪ੍ਰਧਾਨ ਮੰਤਰੀ ’ਤੇ ਸਿੱਧਾ ਹਮਲਾ ਬੋਲਦਿਆਂ ਕਾਂਗਰਸ ਜਨਰਲ ਸਕੱਤਰ ਨੇ ਕਿਹਾ, ‘‘ਮੋਦੀ ਜੀ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਏਨੀ ਵੀ ਅਸਲੀਅਤ ਨਾ ਦਿਖਾਓ। ਤੁਸੀਂ ਦੇਸ਼ ਨੂੰ ਆਪਣਾ ਪਰਿਵਾਰ ਕਿਹਾ ਹੈ, ਦੇਸ਼ ਤੁਹਾਡੇ ਪਰਿਵਾਰ ਸਮਾਨ ਹੈ।’’ ਨਸੀਹਤ ਵਾਲੇ ਅੰਦਾਜ਼ ਵਿੱਚ ਪ੍ਰਿਯੰਕਾ ਨੇ ਕਿਹਾ, ‘‘ਪਰਿਵਾਰ ਦਾ ਜੋ ਮੁਖੀਆ ਹੁੰਦਾ ਹੈ, ਹਮੇਸ਼ਾ ਪਰਿਵਾਰ ਦੇ ਮੈਂਬਰਾਂ ਦੀ ਇੱਕ-ਦੂਜੇ ਪ੍ਰਤੀ ਅੱਖਾਂ ਦੀ ਸ਼ਰਮ ਹੁੰਦੀ ਹੈ, ਉਹ ਨਹੀਂ ਗੁਆਉਣੀ ਚਾਹੀਦੀ। ਉਹ ਹਮੇਸ਼ਾ ਰੱਖਣੀ ਚਾਹੀਦੀ ਹੈ।’’ ਉਨ੍ਹਾਂ ਦੋਸ਼ ਲਾਇਆ, ‘‘ਪ੍ਰਧਾਨ ਮੰਤਰੀ ਜੀ ਬੌਖਲਾ ਗਏ ਹਨ। ਉਹ ਭੁੱਲ ਗਏ ਹਨ ਕਿ ਦੇਸ਼ ਦੇ ਪ੍ਰਤੀਨਿਧੀ ਹਨ, ਤੁਹਾਡੇ ਪ੍ਰਤੀਨਿਧੀ ਹਨ ਅਤੇ ਇਸ ਤਰ੍ਹਾਂ ਦੇ ਸ਼ਬਦ ਉਨ੍ਹਾਂ ਦੇ ਮੂੰਹ ’ਚੋਂ ਨਹੀਂ ਨਿਕਲਣੇ ਚਾਹੀਦੇ।’’ -ਪੀਟੀਆਈ
ਭਾਜਪਾ ਨੂੰ 140 ਸੀਟਾਂ ਲਈ ਵੀ ਤਰਸਾ ਦੇਣਗੇ ਲੋਕ: ਅਖਿਲੇਸ਼
ਦੇਵਰੀਆ/ਗੋਰਖਪੁਰ (ਯੂਪੀ): ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ ਦੇ ‘400 ਪਾਰ’ ਦੇ ਨਾਅਰੇ ਦਾ ਮਜ਼ਾਕ ਉਠਾਉਂਦਿਆਂ ਦਾਅਵਾ ਕੀਤਾ ਕਿ ਉਹ ਲੋਕ ਸਭਾ ਚੋਣਾਂ ਵਿੱਚ 400 ਸੀਟਾਂ ਹਾਰਨ ਜਾ ਰਹੀ ਹੈ ਅਤੇ ਲੋਕ ਉਸ ਨੂੰ 140 ਸੀਟਾਂ ਲਈ ਵੀ ਤਰਸਾ ਦੇਣਗੇ। ਉਨ੍ਹਾਂ ਦਾਅਵਾ ਕੀਤਾ ਕਿ ਚੋਣ ਬਾਂਡ ਰਾਹੀਂ ਭਾਜਪਾ ਨੂੰ ਮੋਟਾ ਚੰਦਾ ਦੇਣ ਵਾਲੀਆਂ ਕੰਪਨੀਆਂ ਵਸਤਾਂ ਦੀਆਂ ਕੀਮਤਾਂ ਵਧਾ ਕੇ ਵਸੂਲੀ ਕਰ ਰਹੀਆਂ ਹਨ ਜਿਸ ਕਾਰਨ ਦੇਸ਼ ਵਿੱਚ ਮਹਿੰਗਾਈ ਵਧ ਗਈ ਹੈ। ਅਖਿਲੇਸ਼ ਇੱਥੇ ਦੇਵਰੀਆ ਲੋਕ ਸਭਾ ਹਲਕੇ ਤੋਂ ਵਿਰੋਧੀ ਗੱਠਜੋੜ ‘ਇੰਡੀਆ’ ਵੱਲੋਂ ਕਾਂਗਰਸ ਦੇ ਉਮੀਦਵਾਰ ਅਖਿਲੇਸ਼ ਪ੍ਰਤਾਪ ਸਿੰਘ, ਕੁਸ਼ੀਨਗਰ ਲੋਕ ਸਭਾ ਹਲਕੇ ਤੋਂ ਸਪਾ ਉਮੀਦਵਾਰ ਅਜੈ ਕੁਮਾਰ ਸਿੰਘ, ਗੋਰਖਪੁਰ ਤੋਂ ਸਪਾ ਉਮੀਦਵਾਰ ਕਾਜਲ ਨਿਸ਼ਾਦ ਅਤੇ ਬਾਂਸਗਾਂਵ ਸੰਸਦੀ ਹਲਕੇ ਤੋਂ ਕਾਂਗਰਸ ਉਮੀਦਵਾਰ ਸਦਲ ਪ੍ਰਸਾਦ ਦੇ ਸਮਰਥਨ ਵਿੱਚ ਸਾਂਝੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਗੋਰਖਪੁਰ ਦੀ ਚੋਣ ਰੈਲੀ ਵਿੱਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ। ਅਖਿਲੇਸ਼ ਨੇ ਪ੍ਰਿਯੰਕਾ ਗਾਂਧੀ ਦਾ ਸਵਾਗਤ ਕੀਤਾ। ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਸਪਾ ਪ੍ਰਧਾਨ ਨੇ ਕਿਹਾ ਕਿ ਲੋਕ ਖੁਦ ਹੀ ਚੋਣਾਂ ਲੜ ਰਹੇ ਹਨ ਅਤੇ ਪਹਿਲੇ ਪੜਾਅ ਤੋਂ ਹੀ ਚੋਣਾਂ ਨੇਪਰੇ ਚਾੜ੍ਹਨ ਦਾ ਕਾਰਜ ਆਪਣੇ ਹੱਥਾਂ ਵਿੱਚ ਲੈ ਚੁੱਕੇ ਹਨ। ਉਨ੍ਹਾਂ ਕਿਹਾ, ‘‘ਇਸ ਵਾਰ ਉੱਤਰ ਪ੍ਰਦੇਸ਼ ਵਿੱਚ ਜੋ ਹਵਾ ਚੱਲੀ ਹੈ, ਜੋ ਮਾਹੌਲ ਬਣਿਆ ਹੈ ਅਤੇ ਜਿਸ ਤਰ੍ਹਾਂ ‘ਇੰਡੀਆ’ ਗੱਠਜੋੜ ਨੂੰ ਸਮਰਥਨ ਮਿਲ ਰਿਹਾ ਹੈ, ਮੈਨੂੰ ਪੂਰਾ ਭਰੋਸਾ ਹੈ ਕਿ 4 ਜੂਨ ਨੂੰ ਭਾਜਪਾ ਦਾ ਉੱਤਰ ਪ੍ਰਦੇਸ਼ ਤੋਂ ਸਫ਼ਾਇਆ ਹੋ ਜਾਵੇਗਾ।’’ ਸਪਾ ਪ੍ਰਧਾਨ ਨੇ ਇਹ ਵੀ ਦਾਅਵਾ ਕੀਤਾ ਕਿ 4 ਜੂਨ ਨੂੰ ਨਾ ਸਿਰਫ਼ ਕੇਂਦਰ ਵਿੱਚ ਸਰਕਾਰ ਬਦਲ ਜਾਵੇਗੀ, ਸਗੋਂ ‘ਮੀਡੀਆ’ ਵੀ ਬਦਲ ਜਾਵੇਗਾ। ਭਾਜਪਾ ’ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ, ‘‘400 ਪਾਰ’ ਦਾ ਨਾਅਰਾ ਦੇਣ ਵਾਲੇ 400 (ਸੀਟਾਂ) ਹਾਰ ਰਹੇ ਹਨ।’’ -ਪੀਟੀਆਈ