ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਮਈ
ਸੰਗਰੂਰ ਲੋਕ ਸਭਾ ਹਲਕੇ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ਵਿੱਚ ਨਿਰਧਾਰਿਤ ਸ਼ਡਿਊਲ ਅਨੁਸਾਰ 85 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨਾਂ ਤੇ ਅਪਾਹਜ ਵੋਟਰਾਂ ਦੀਆਂ ਵੋਟਾਂ ਉਨ੍ਹਾਂ ਦੇ ਘਰ-ਘਰ ਜਾ ਕੇ ਪਵਾਉਣ ਲਈ ਚੋਣ ਅਮਲੇ ’ਤੇ ਆਧਾਰਿਤ ਟੀਮਾਂ ਨੇ ਪੋਸਟਲ ਬੈਲੇਟ ਰਾਹੀਂ ਵੋਟਾਂ ਪੁਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਅੱਜ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਦੀ ਨਿਗਰਾਨੀ ਹੇਠ ਚੋਣ ਅਮਲੇ ਨੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ। ਪੋਸਟਲ ਬੈਲੇਟ ਦੇ ਨੋਡਲ ਅਫ਼ਸਰ ਕਰਨਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਸਹੂਲਤ 1199 ਵੋਟਰਾਂ ਨੇ ਚੁਣੀ ਹੈ ਅਤੇ ਵੋਟਾਂ ਪਵਾਉਣ ਦੀ ਪ੍ਰਕਿਰਿਆ 27 ਮਈ ਤੱਕ ਜਾਰੀ ਰਹੇਗੀ ਅਤੇ 85 ਸਾਲ ਤੋਂ ਵੱਧ ਉਮਰ ਵਰਗ ਦੇ ਸੀਨੀਅਰ ਸਿਟੀਜ਼ਨ ਅਤੇ ਦਿਵਿਆਂਗਜਨ ਵੋਟਰਾਂ, ਜਿਨ੍ਹਾਂ ਵੱਲੋਂ ਨਿਰਧਾਰਤ ਫਾਰਮ ਭਰ ਕੇ ਪੋਸਟਲ ਬੈਲੇਟ ਰਾਹੀਂ ਵੋਟ ਪਾਉਣ ਦੀ ਬੇਨਤੀ ਕੀਤੀ ਗਈ ਸੀ, ਉਨ੍ਹਾਂ ਦੇ ਘਰਾਂ ਵਿੱਚ ਪਹੁੰਚ ਕਰਕੇ ਵੋਟਾਂ ਪਵਾਉਣ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਮੂਹ ਉਮੀਦਵਾਰਾਂ ਨੂੰ ਨਿਰਧਾਰਤ ਸ਼ਡਿਊਲ ਸਬੰਧੀ ਅਗੇਤੇ ਤੌਰ ਤੇ ਸੂਚਿਤ ਕਰ ਦਿੱਤਾ ਗਿਆ ਸੀ ਤਾਂ ਜੋ ਕੋਈ ਵੀ ਉਮੀਦਵਾਰ ਜਾਂ ਚੋਣ ਏਜੰਟ ਇਸ ਪ੍ਰਕਿਰਿਆ ਦੌਰਾਨ ਆਪਣੀ ਸਹਿਮਤੀ ਨਾਲ ਮੌਜੂਦ ਰਹਿ ਸਕੇ।
ਅਧਿਕਾਰੀ ਨੇ ਦੱਸਿਆ ਕਿ ਇਸ ਟੀਮ ਵਿੱਚ ਮਾਈਕਰੋ ਅਬਜ਼ਰਵਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਇਹ ਪ੍ਰਕਿਰਿਆ ਉਨ੍ਹਾਂ ਦੀ ਮੌਜੂਦਗੀ ਵਿੱਚ ਅਮਲ ਵਿੱਚ ਲਿਆਂਦੀ ਜਾਵੇ ਅਤੇ ਕੋਈ ਵੀ ਯੋਗ ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਸਮੁੱਚੇ ਅਮਲ ਦੌਰਾਨ ਵੋਟ ਦੀ ਗੋਪਨੀਅਤਾ ਨੂੰ ਯਕੀਨੀ ਬਣਾਇਆ ਜਾਂਦਾ ਹੈ ਅਤੇ ਸਾਰੀਆਂ ਟੀਮਾਂ ਸਖਤੀ ਨਾਲ ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਪਾਬੰਦ ਹਨ।
ਵੋਟਰਾਂ ਲਈ ਕੀਤੇ ਜਾਣਗੇ ਢੁੱਕਵੇਂ ਪ੍ਰਬੰਧ: ਡੀਸੀ
ਪਟਿਆਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਵੋਟਾਂ ਵਾਲੇ ਦਿਨ ਦਿਵਿਆਂਗ, ਬਜ਼ੁਰਗਾਂ, ਨੌਜਵਾਨਾਂ, ਔਰਤਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਦੀਆਂ ਵੋਟਾਂ 100 ਫੀਸਦੀ ਪਡਾਉਣ ਅਤੇ ਲੋੜੀਂਦੀਆਂ ਜ਼ਰੂਰੀ ਸਹੂਲਤਾਂ, ਵਲੰਟੀਅਰ ਦੀ ਸਹਾਇਤਾ, ਵੀਲ੍ਹ ਚੇਅਰ, ਸਟਰੈਚਰ, ਗਰਮ ਲੂਅ ਦੇ ਮੱਦੇਨਜ਼ਰ ਛਬੀਲ ਤੇ ਪੀਣ ਵਾਲਾ ਪਾਣੀ, ਛਾਂ, ਛੋਟੇ ਬੱਚਿਆਂ ਲਈ ਕਰੈਚ ਆਦਿ ਸਹੂਲਤਾਂ ਪ੍ਰਦਾਨ ਕਰਨ ਲਈ ਉਚੇਚੇ ਪ੍ਰਬੰਧ ਕੀਤੇ ਗਏ ਹਨ। ਬੂਥ ਲੈਵਲ ਅਫਸਰਾਂ ਵੱਲੋਂ ਵੋਟਰਾਂ ਨੂੰ ਘਰ-ਘਰ ਜਾ ਕੇ ਫੋਟੋ ਵੋਟਰ ਸਲਿਪਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਵੋਟਰ ਇਹ ਫੋਟੋ ਵੋਟਰ ਸਲਿਪ ਜਾਂ ਆਪਣੀ ਪਛਾਣ ਦਾ ਕੋਈ ਹੋਰ ਦਸਤਾਵੇਜ਼ ਦਿਖਾ ਕੇ ਹੀ ਵੋਟ ਦਾ ਇਸਤੇਮਾਲ ਕਰ ਸਕਣਗੇ।
ਖੇੜੀ ਕਲਾਂ ਵਿੱਚ ਸੌ ਸਾਲਾ ਮਾਤਾ ਨੇ ਘਰ ਬੈਠਿਆਂ ਪਾਈ ਵੋਟ
ਸ਼ੇਰਪੁਰ (ਬੀਰਬਲ ਰਿਸ਼ੀ): ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ 85 ਸਾਲ ਤੋਂ ਵੱਧ ਉਮਰ ਦੇ ਬਿਰਧ ਅਵਸਥਾਂ ਵਾਲੇ ਤੁਰਨ ਤੋਂ ਅਸਮਰੱਥ ਬਜ਼ੁਰਗ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਘਰ ਜਾ ਕੇ ਵੋਟ ਪਵਾਏ ਜਾਣ ਦੀ ਦਿੱਤੀ ਸਹੂਲਤ ਦੇ ਮੱਦੇਨਜ਼ਰ ਅੱਜ ਲੋਕ ਸਭਾ ਹਲਕਾ ਸੰਗਰੂਰ ਦੇ ਪਿੰਡ ਖੇੜੀ ਕਲਾਂ ਵਿਖੇ ਸੌ ਸਾਲਾਂ ਨੂੰ ਢੁੱਕੇ ਮਾਤਾ ਸੁਰਜੀਤ ਕੌਰ ਖੇੜੀ ਨੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਪਾਈ। ਪ੍ਰਤੱਖਦਰਸ਼ੀ ਪਰਿਵਾਰਕ ਮੈਂਬਰਾਂ ਅਨੁਸਾਰ ਚੋਣ ਅਮਲੇ ਨੇ ਪੋਲਿੰਗ ਬੂਥ ਵਾਲਾ ਪੂਰਾ ਮਾਹੌਲ ਸਿਰਜਿਆ ਜਿਸ ਤਹਿਤ ਸਕਰੀਨ ਲਗਾਉਣੀ, ਪੋਸਟਲ ਬੈਲਟ ਪੇਪਰ ਲਿਆਉਣੇ, ਨਿਰਪੱਖ ਤੇ ਪੂਰੀ ਚੋਣ ਪ੍ਰਕਿਰਿਆ ਲਈ ਵੀਡੀਓਗ੍ਰਾਫ਼ੀ ਕੀਤੇ ਜਾਣ ਦੇ ਇੰਤਜ਼ਾਮ ਕੀਤੇ ਹੋਏ ਹਨ ਅਤੇ ਵੋਟ ਦੀ ਵਰਤੋਂ ਮੌਕੇ ਕਿਸੇ ਨੂੰ ਨੇੜੇ ਨਹੀਂ ਜਾਣ ਦਿੱਤਾ ਗਿਆ। ਪੋਲਿੰਗ ਬੂਥ ‘ਤੇ ਵੋਟ ਪਾਉਣ ਤੋਂ ਅਸਮਰੱਥ ਬਜ਼ੁਰਗਾਂ ਲਈ ਚੋਣ ਕਮਿਸ਼ਨ ਵੱਲੋਂ ਦਿੱਤੀ ਇਸ ਸਹੂਲਤ ਦੀ ਲੋਕਾਂ ਵੱਲੋਂ ਸਲਾਘਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿੰਡਾਂ ‘ਚ ਨਿਯੁਕਤ ਬੀਐਲਓਜ਼ ਤੋਂ ਚੋਣ ਅਧਿਕਾਰੀਆਂ ਨੇ ਕੁੱਝ ਸਮਾਂ ਪਹਿਲਾਂ ਅਜਿਹੇ ਬਜ਼ੁਰਗਾਂ ਦੀ ਲਿਸ਼ਟ ਮੰਗੀ ਸੀ ਜਿਸ ਤਹਿਤ ਪਿੰਡ ਖੇੜੀ ਕਲਾਂ ਤੋਂ ਮਾਤਾ ਸੁਰਜੀਤ ਕੌਰ ਤੇ ਮਾਤਾ ਜੰਗੀਰ ਕੌਰ ਦੇ ਨਾਮ ਭੇਜੇ ਗਏ ਸਨ।