ਮਿਹਰ ਸਿੰਘ
ਕੁਰਾਲੀ, 25 ਮਈ
ਆਮ ਆਦਮੀ ਪਾਰਟੀ ਦੇ ਹਲਕਾ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਅੱਜ ਖਿਜ਼ਾਰਾਬਾਦ ਵਿੱਚ ਭਰਵੀਂ ਚੋਣ ਮੀਟਿੰਗ ਸਰਪੰਚ ਗੁਰਿੰਦਰ ਸਿੰਘ ਅਤੇ ਰਾਣਾ ਕੁਸ਼ਲਪਾਲ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਆਗੂਆਂ ਨੇ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਅਤੇ ਲੋਕਤੰਤਰ ਬਚਾਉਣ ਲਈ ਵੋਟਾਂ ਮੰਗੀਆਂ।
ਮਹਾਰਾਣਾ ਆਸਰਾ ਧਰਮਸ਼ਾਲਾ ਵਿੱਚ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਆਮ ਲੋਕਾਂ ਨੂੰ ਭੁਲਾ ਕੇ ਕਾਰਪੋਰੇਟ ਘਰਾਣਿਆਂ ਲਈ ਕੰਮ ਕਰਨ ਵਾਲੀ ਸਰਕਾਰ ਹੈ ਜਿਸ ਨੂੰ ਸੱਤਾ ਤੋਂ ਲਾਂਭੇ ਕਰਨਾ ਜ਼ਰੂਰੀ ਹੈ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਰਾਣਾ ਕੁਸ਼ਲਪਾਲ ਦੇ ‘ਆਪ’ ਵਿੱਚ ਸ਼ਾਮਲ ਹੋਣ ਸਬੰਧੀ ਕਿਹਾ ਕਿ ਕਿਹਾ ਉਨ੍ਹਾਂ ਦੀ ਪਾਰਟੀ ਇਮਾਨਦਾਰ ਤੇ ਜ਼ੁਰੱਅਤ ਵਾਲੇ ਆਗੂਆਂ ਨੂੰ ਪਸੰਦ ਕਰਦੀ ਹੈ ਜੋ ਲੋਕਾਂ ਦੀ ਲੜਾਈ ਲੜ ਸਕਣ। ਮੀਟਿੰਗ ਦੌਰਾਨ ਖਿਜ਼ਰਾਬਾਦ ਦੀ ਕਾਂਗਰਸੀ ਸਰਪੰਚ ਜਸਵੀਰ ਕੌਰ ‘ਆਪ’ ਵਿੱਚ ਸ਼ਾਮਲ ਹੋਏ। ਅਨਮੋਲ ਗਗਨ ਮਾਨ ਤੇ ਮਾਲਵਿੰਦਰ ਸਿੰਘ ਕੰਗ ਨੇ ਜਸਵੀਰ ਕੌਰ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਸੇ ਦੌਰਾਨ ਬਿੱਟੂ ਰਾਣਾ ਮਾਜਰੀ ਵੀ ਅੱਜ ‘ਆਪ’ ਵਿੱਚ ਸ਼ਾਮਲ ਹੋਏ ਇਸ ਮੌਕੇ ਮਾਰਕੀਟ ਕਮੇਟੀ ਕੁਰਾਲੀ ਦੇ ਸਮਿਤੀ ਮੈਂਬਰ ਸੰਦੀਪ ਕੌਰ, ਚੇਅਰਮੈਨ ਰਾਣਾ ਹਰੀਸ਼ ਕੁਮਾਰ, ਕੌਂਸਲਰ ਬਹਾਦਰ ਸਿੰਘ ਓਕੇ ਹਾਜ਼ਰ ਸਨ।
‘ਪੰਜਾਬ ਦੇ ਹੱਕਾਂ ਦਾ ਪਹਿਰੇਦਾਰ ਬਣ ਕੇ ਸੰਸਦ ਵਿੱਚ ਗੱਲ ਕਰਾਂਗਾ’
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਮਲਵਿੰਦਰ ਸਿੰਘ ਕੰਗ ਨੇ ਮੁੱਲਾਂਪੁਰ ਗਰੀਬਦਾਸ ਵਿੱਚ ਕੀਤੀ ਚੋਣ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕੇਂਦਰ ਦੀ ਭਾਜਪਾ ਸਰਕਾਰ ਤੋਂ ਆਪਣਾ ਹੱਕ ਮੰਗ ਰਿਹਾ ਹੈ ਪਰ ਭਾਜਪਾ ਸਰਕਾਰ ਨੇ ਹਮੇਸ਼ਾ ਦੇਸ਼ ਦੇ ਕਿਸਾਨਾਂ ਨੂੰ ਆਪਣੇ ਪੈਰਾਂ ਥੱਲੇ ਹੇਠਾਂ ਦੱਬਣ ਦੀ ਕੋਸ਼ਿਸ਼ ਕੀਤੀ ਹੈ। ਸ੍ਰੀ ਕੰਗ ਨੇ ਦਾਅਵਾ ਕੀਤਾ,‘‘ਪੰਜਾਬ ਦੇ ਹੱਕਾਂ ਦਾ ਪਹਿਰੇਦਾਰ ਬਣ ਕੇ ਸੰਸਦ ਵਿੱਚ ਗੱਲ ਕਰਾਂਗਾ।’’ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਮਲਵਿੰਦਰ ਸਿੰਘ ਕੰਗ ਦੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾ ਦਿੱਤੀ ਹੈ। ਮੁੱਲਾਂਪੁਰ ਗਰੀਬਦਾਸ ਵਿੱਚ ਲੋਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਲਾਂਪੁਰ ਗਰੀਬਦਾਸ ਵਿੱਚ ਸੀਵਰੇਜ ਸਿਸਟਮ ਲਗਾਇਆ ਜਾਵੇਗਾ, ਖੇਡ ਮੈਦਾਨ, ਬੱਸ ਸਟਾਪ, ਟੋਭਿਆਂ ਚੁਫੇਰੇ ਸੈਰ ਕਰਨ ਲਈ ਥਾਂਵਾਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਐਲਾਨੇ ਹੋਏ ਇੱਕ-ਇੱਕ ਹਜ਼ਾਰ ਰੁਪਏ ਵੀ ਬੀਬੀਆਂ ਨੂੰ ਜਲਦੀ ਦਿੱਤੇ ਜਾ ਰਹੇ ਹਨ।