ਸਾਸਾਰਾਮ/ਪਟਨਾ, 26 ਮਈ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਮੁਜਰਾ’ ਟਿੱਪਣੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਅੱਜ ਕਿਹਾ ਕਿ ਉਨ੍ਹਾਂ ਇਹ ਟਿੱਪਣੀ ਕਰਕੇ ਬਿਹਾਰ ਦਾ ਅਪਮਾਨ ਕੀਤਾ ਹੈ।
ਸਾਸਾਰਾਮ ਲੋਕ ਸਭਾ ਹਲਕੇ ਤੋਂ ਕਾਂਗਰਸ ਆਗੂ ਤੇ ਮਹਾਗੱਠਜੋੜ ਦੇ ਉਮੀਦਵਾਰ ਮਨੋਜ ਕੁਮਾਰ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ, ‘ਪ੍ਰਧਾਨ ਮੰਤਰੀ ਨੇ ਬੀਤੇ ਦਿਨ ਬਿਹਾਰ ’ਚ ਇੱਕ ਚੋਣ ਰੈਲੀ ਦੌਰਾਨ ਵਿਰੋਧੀ ਆਗੂਆਂ ਲਈ ‘ਮੁਜਰਾ’ ਸ਼ਬਦ ਦੀ ਵਰਤੋਂ ਕੀਤੀ। ਮੋਦੀ ਜੀ ਨੇ ਇਸ ਸ਼ਬਦ ਦੀ ਵਰਤੋਂ ਕਰਕੇ ਬਿਹਾਰ ਦਾ ਅਪਮਾਨ ਕੀਤਾ ਹੈ। ਮਤਲਬ ਇੱਥੇ ਮੁਜਰਾ ਹੁੰਦਾ ਹੈ। ਇਹ ਬਿਹਾਰ ਤੇ ਇਸ ਦੇ ਲੋਕਾਂ ਦੀ ਬੇਇੱਜ਼ਤੀ ਹੈ। ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ। ਉਸ ਨੂੰ ਇੱਕ ਰਾਜਨੇਤਾ ਦੀ ਤਰ੍ਹਾਂ ਬੋਲਣਾ ਚਾਹੀਦਾ ਹੈ।’ ਜ਼ਿਕਰਯੋਗ ਹੈ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ’ਚ ਰੈਲੀ ਦੌਰਾਨ ਕਿਹਾ ਸੀ ਕਿ ਇੰਡੀਆ ਗੱਠਜੋੜ ਆਪਣੇ ਮੁਸਲਿਮ ਵੋਟ ਬੈਂਕ ਲਈ ‘ਮੁਜਰਾ’ ਕਰ ਰਿਹਾ ਹੈ।
ਖੜਗੇ ਨੇ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਖੁਦ ਨੂੰ ‘ਤੀਸ ਮਾਰ ਖਾਂ’ ਮੰਨਦੇ ਹਨ। ਉਹ ਗਲਤ ਧਾਰਨਾ ’ਚ ਹਨ। ਜਨਤਾ ਹੀ ਅਸਲੀ ਤੀਰ ਮਾਰ ਖਾਂ ਹੈ। ਉਹ (ਪ੍ਰਧਾਨ ਮੰਤਰੀ) ਇੱਕ ਤਾਨਾਸ਼ਾਹ ਹਨ। ਜੇਕਰ ਤੀਜੀ ਵਾਰ ਉਹ ਪ੍ਰਧਾਨ ਮੰਤਰੀ ਬਣੇ ਤਾਂ ਲੋਕਾਂ ਨੂੰ ਕੁਝ ਵੀ ਕਹਿਣ ਦੀ ਇਜਾਜ਼ਤ ਨਹੀਂ ਹੋਵੇਗੀ।’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਫਿਰਕੂ ਨਫਰਤ ਫੈਲਾ ਰਹੀ ਹੈ। ਉਨ੍ਹਾਂ ਕਿਹਾ, ‘ਬੇਰੁਜ਼ਗਾਰੀ ਜਾਂ ਵੱਧਦੀ ਮਹਿੰਗਾਈ ਬਾਰੇ ਨਾ ਤਾਂ ਪ੍ਰਧਾਨ ਮੰਤਰੀ ਤੇ ਨਾ ਹੀ ਭਾਜਪਾ ਆਗੂ ਗੱਲ ਕਰਦੇ ਹਨ। ਉਹ ਫਿਰਕੂ ਨਫਰਤ ਫੈਲਾ ਰਹੇ ਹਨ। ਸੰਵਿਧਾਨ ’ਤੇ ਹਮਲੇ ਕਰਨ ਵਾਲੀਆਂ ਤੇ ਨਫਰਤ ਦੀ ਸਿਆਸਤ ਕਰਨ ਵਾਲੀਆਂ ਤਾਕਤਾਂ ਦਾ ਹਾਰਨਾ ਜ਼ਰੂਰੀ ਹੈ। ਉਹ ਦੇਸ਼ ਨੂੰ ਧਰਮ ਤੇ ਨਫਰਤ ਦੀਆਂ ਲੀਹਾਂ ’ਤੇ ਵੰਡ ਰਹੇ ਹਨ।’ ਉਨ੍ਹਾਂ ਕਿਹਾ, ‘ਇਹ ਚੋਣਾਂ ਬਹੁਤ ਅਹਿਮ ਹਨ। ਇਹ ਚੋਣਾਂ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਲਈ ਹਨ। ਸਾਨੂੰ ਮਿਲ ਕੇ ਲੜਨਾ ਚਾਹੀਦਾ ਹੈ। ਇਹ ਚੋਣਾਂ ‘ਜਨਤਾ ਬਨਾਮ ਮੋਦੀ’ ਹਨ ਨਾ ਕਿ ‘ਰਾਹੁਲ ਬਨਾਮ ਮੋਦੀ’।’ ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੋਦੀ ਦਾ ਸਨਮਾਨ ਕਰਦੇ ਹਨ ਪਰ ਮੋਦੀ ਕਾਂਗਰਸ ਆਗੂਆਂ ਦਾ ਸਨਮਾਨ ਨਹੀਂ ਕਰਦੇ। -ਪੀਟੀਆਈ