ਸੰਤੋਖ ਗਿੱਲ
ਗੁਰੂਸਰ ਸੁਧਾਰ, 26 ਮਈ
ਥਾਣਾ ਸੁਧਾਰ ਅਧੀਨ ਪਿੰਡ ਰਾਜੋਆਣਾ ਕਲਾਂ ਵਿੱਚ ਲੰਘੀ ਰਾਤ ਹੋਈ ਖ਼ੂਨੀ ਝੜਪ ਵਿੱਚ ਪਿੰਡ ਹਾਂਸ ਕਲਾਂ ਦੇ 22 ਸਾਲਾ ਨੌਜਵਾਨ ਰਾਜਨ ਸਿੰਘ ਨੂੰ ਵਿਰੋਧੀ ਧੜੇ ਦੇ ਕਰੀਬ ਇੱਕ ਦਰਜਨ ਵਿਅਕਤੀਆਂ ਨੇ ਰਵਾਇਤੀ ਹਥਿਆਰਾਂ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲੀਸ ਨੇ ਰਾਜਨ ਸਿੰਘ ਦੀ ਲਾਸ਼ ਅੱਜ ਦੁਪਹਿਰ ਸਮੇਂ ਬਰਾਮਦ ਕਰ ਲਈ ਹੈ। ਪਿੰਡ ਰਾਜੋਆਣਾ ਕਲਾਂ ਦੇ ਅਮਨਜੀਤ ਸਿੰਘ ਅਤੇ ਗੁੱਗੂ ਧੜੇ ਦਰਮਿਆਨ ਰੰਜਿਸ਼ ਚੱਲੀ ਆ ਰਹੀ ਸੀ। ਰਾਜਨ ਸਿੰਘ ਆਪਣੇ ਸਾਥੀਆਂ ਸਮੇਤ ਅਮਨਜੀਤ ਸਿੰਘ ਦੀ ਮਦਦ ਲਈ ਆਇਆ ਸੀ। ਉੱਧਰ ਗੁੱਗੂ ਧੜਾ ਵੀ ਹਮਲੇ ਦੇ ਸ਼ੱਕ ਕਾਰਨ ਪਹਿਲਾਂ ਹੀ ਤਿਆਰ ਬੈਠਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਨ ਸਿੰਘ ਦੇ ਧੜੇ ਵੱਲੋਂ ਪਹਿਲਾਂ ਸਮਾਂ ਮਿੱਥ ਕੇ ਇਹ ਹਮਲਾ ਕੀਤਾ ਗਿਆ ਸੀ। ਹਮਲੇ ਵਿੱਚ ਗੁੱਗੂ ਦੇ ਪਿਤਾ ਜਗਦੇਵ ਸਿੰਘ (65 ਸਾਲ) ਵੀ ਝੜਪ ਦੌਰਾਨ ਗੰਭੀਰ ਜ਼ਖ਼ਮੀ ਹੋ ਗਏ, ਉਸ ਦੇ ਹੱਥ ਅਤੇ ਪੈਰ ਉੱਪਰ ਕਿਰਪਾਨ ਦੇ ਕਈ ਵਾਰ ਕੀਤੇ ਗਏ ਸਨ। ਇਸ ਤੋਂ ਪਹਿਲਾਂ 14 ਮਈ ਨੂੰ ਵੀ ਅਮਨਜੀਤ ਸਿੰਘ ਦੇ ਦੋਸਤ ਰਾਜਨ ਸਿੰਘ ਨੇ ਗੁੱਗੂ ਦੇ ਘਰ ਉੱਪਰ ਹਮਲਾ ਕੀਤਾ ਸੀ, ਪਰ ਸੁਧਾਰ ਪੁਲੀਸ ਵੱਲੋਂ ਸ਼ਿਕਾਇਤ ਮਿਲਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਲੰਘੀ ਰਾਤ ਖ਼ੂਨੀ ਝੜਪ ਦੌਰਾਨ ਰਾਜਨ ਧੜੇ ਦਾ ਬਲਜੋਤ ਸਿੰਘ ਬੌਬੀ ਗੁੱਗੂ ਧੜੇ ਦੇ ਹੱਥ ਆ ਗਿਆ ਸੀ। ਗੁੱਗੂ ਧੜੇ ਨੇ ਪਹਿਲਾਂ ਰਾਜਨ ਸਿੰਘ ਦੀ ਲਾਸ਼ ਬੁਰਜ ਹਰੀ ਸਿੰਘ ਸੰਪਰਕ ਸੜਕ ਉਪਰ ਹੱਡਾਰੋੜੀ ਨੇੜੇ ਖੇਤਾਂ ਵਿੱਚ ਸੁੱਟ ਕੇ ਟਰੈਕਟਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਅੱਗ ਲਾਉਣ ਦਾ ਵੀ ਯਤਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਬੌਬੀ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਦੇ ਚੁੰਗਲ ਵਿਚੋਂ ਕੱਢ ਕੇ ਰਾਏਕੋਟ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ। ਉੱਧਰ ਅਮਨਜੀਤ ਸਿੰਘ ਧੜੇ ਨੇ ਦੋਸ਼ ਲਾਇਆ ਕਿ 14 ਮਈ ਨੂੰ ਗੁੱਗੂ ਧੜੇ ਨੇ ਹਲਵਾਰਾ ਸੜਕ ਉਪਰ ਉਨ੍ਹਾਂ ਨੂੰ ਕੁੱਟਮਾਰ ਕਰ ਕੇ 47 ਹਜ਼ਾਰ ਰੁਪਏ ਲੁੱਟ ਲਏ ਸਨ। ਪੁਲੀਸ ਨੇ ਉਨ੍ਹਾਂ ਨੂੰ ਹੀ ਕਰਾਸ ਕੇਸ ਦੇ ਡਰਾਵੇ ਦਿੱਤੇ ਸਨ।
ਲਾਪ੍ਰਵਾਹੀ ਸਾਹਮਣੇ ਆਈ ਤਾਂ ਥਾਣਾ ਮੁਖੀ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਐੱਸਐੱਸਪੀ
ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਨੇ ਕਿਹਾ ਕਿ ਉਪ ਪੁਲੀਸ ਕਪਤਾਨ ਦਾਖਾ ਜਤਿੰਦਰਪਾਲ ਸਿੰਘ ਖ਼ੁਦ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਲਾਸ਼ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤੀ ਗਈ ਹੈ, ਭਲਕੇ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਜੇਕਰ ਸੁਧਾਰ ਪੁਲੀਸ ਦੀ ਕੋਈ ਲਾਪ੍ਰਵਾਹੀ ਸਾਹਮਣੇ ਆਈ ਤਾਂ ਥਾਣਾ ਮੁਖੀ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਪ ਪੁਲੀਸ ਕਪਤਾਨ ਦਾਖਾ ਜਤਿੰਦਰਪਾਲ ਸਿੰਘ ਅਤੇ ਥਾਣਾ ਸੁਧਾਰ ਦੇ ਮੁਖੀ ਬਲਵਿੰਦਰ ਸਿੰਘ ਨੇ ਮੌਕਾ ਵਾਰਦਾਤ ਉਪਰ ਪਹੁੰਚ ਕੇ ਜਾਇਜ਼ਾ ਲਿਆ ਅਤੇ ਜਾਂਚ ਅਰੰਭ ਕਰ ਦਿੱਤੀ।