ਦੇਵਿੰਦਰ ਸਿੰਘ ਜੱਗੀ
ਪਾਇਲ, 26 ਮਈ
ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੀਆਰਟੀਸੀ ਪੰਜਾਬ ਦੇ ਸਾਬਕਾ ਡਾਇਰੈਕਟਰ ਮਨਜੀਤ ਸਿੰਘ ਮੀਤਾ ਪਾਇਲ ਨੇ ਕਾਂਗਰਸ ਹਾਈਕਮਾਂਡ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਵੱਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਬੋਪਾਰਾਏ ਨੂੰ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੇ ਰੋਸ ਵਜੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ ਕਿਉਂਕਿ ਉਨ੍ਹਾਂ ਪੰਜ ਸਾਲ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਰਹਿੰਦਿਆਂ ਲੋਕਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਉਹ 1985 ਤੋਂ ਕਾਂਗਰਸ ਪਾਰਟੀ ਨਾਲ ਜੁੜੇ ਆ ਰਹੇ ਸਨ। ਸਾਬਕਾ ਡਾਇਰੈਕਟਰ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਛੱਡਣਾ ਨਹੀਂ ਚਾਹੁੰਦਾ ਸੀ ਪਰ ਡਾ. ਅਮਰ ਸਿੰਘ ਦੀ ਕਾਰਗੁਜ਼ਾਰੀ ਕਾਰਨ ਅਸਤੀਫਾ ਦੇਣਾ ਪਿਆ ਕਿਉਂਕਿ ਜਦੋਂ ਪਿੰਡਾਂ ਵਿੱਚ ਵੋਟਾਂ ਮੰਗਣ ਜਾਂਦੇ ਸੀ ਤਾਂ ਲੋਕ ਡਾ ਅਮਰ ਸਿੰਘ ਦਾ ਵਿਰੋਧ ਕਰਦੇ ਸਨ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋਕਾਂ ਨੇ ਡਾ. ਅਮਰ ਸਿੰਘ ਬੋਪਾਰਾਏ ਨੂੰ ਕੰਮਾਂ ਬਾਰੇ ਕਿਹਾ ਤਾਂ ਉਨ੍ਹਾਂ ਲੋਕਾਂ ਨੂੰ ਅਣਗੌਲਿਆ ਹੀ ਕੀਤਾ ਹੈ। ਜਦੋਂ ਉਨ੍ਹਾਂ ਨੂੰ ਭਾਜਪਾ ਜਾਂ ‘ਆਪ’ ਵਿੱਚ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਸਿਆਸੀ ਮਾਹਿਰਾਂ ਨਾਲ ਸਲਾਹ ਕਰਕੇ ਅਗਲਾ ਕਦਮ ਚੁੱਕਣਗੇ। ਵਰਨਣਯੋਗ ਹੈ ਕਿ ਪਾਇਲ ਹਲਕੇ ਦੇ ਕਾਂਗਰਸੀ ਆਗੂਆਂ ਨੇ ਪਹਿਲਾਂ ਦੋਸ਼ ਲਾਇਆ ਸੀ ਕਿ ਡਾ. ਅਮਰ ਸਿੰਘ ਉਨ੍ਹਾਂ ਦੇ ਹਲਕੇ ਵਿਚ ਨਾ ਆਏ ਤੇ ਨਾ ਹੀ ਕੰਮ ਕਰਵਾਏ ਹਨ।