ਅੰਕਾਰਾ, 27 ਮਈ
ਦੱਖਣੀ ਤੁਰਕੀ ਦੇ ਕੌਮੀ ਸ਼ਾਹਰਾਹ ’ਤੇ ਇੱਕ ਮੁਸਾਫਰ ਬੱਸ ਦੀ ਟੱਕਰ ਦੋ ਕਾਰਾਂ ਨਾਲ ਹੋ ਗਈ। ਇਸ ਹਾਦਸੇ ’ਚ ਘੱਟ ਤੋਂ ਘੱਟ 10 ਜਣੇ ਹਲਾਕ ਹੋ ਗਏ ਤੇ 39 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਐਤਵਾਰ ਦੇਰ ਰਾਤ ਮੈਰਸਿਨ ਸੂਬੇ ’ਚ ਹੋਇਆ ਜਦੋਂ ਭਾਰੀ ਮੀਂਹ ਕਾਰਨ ਬੱਸ ਗਲਤ ਪਾਸੇ ਚਲੇ ਗਈ ਤੇ ਦੋ ਕਾਰਾਂ ਨਾਲ ਟਕਰਾ ਗਈ। ਗਵਰਨਰ ਅਲੀ ਹਮਜ਼ਾ ਪਹਿਲੀਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਾਅਦ ਵਿੱਚ ਇੱਕ ਟਰੱਕ ਨੇ ਤਿੰਨੇਂ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਸਰਕਾਰੀ ਅਨਾਦੋਲੂ ਏਜੰਸੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ’ਚ ਲਿਜਾਇਆ ਗਿਆ ਅਤੇ ਉਨ੍ਹਾਂ ’ਚੋਂ ਘੱਟ ਤੋਂ ਘੱਟ ਅੱਠ ਜਣਿਆਂ ਦੀ ਹਾਲਤ ਗੰਭੀਰ ਹੈ। ਅਨਾਦੋਲੂ ਨੇ ਦੱਸਿਆ ਕਿ ਇੰਟਰਸਿਟੀ ਬੱਸ ’ਚ 28 ਜਣੇ ਸਵਾਰ ਸਨ ਜੋ ਦੇਸ਼ ਦੇ ਦੱਖਣ-ਪੂਰਬੀ ਸ਼ਹਿਰ ਦਿਆਰਬਾਕਿਰ ਤੋਂ ਅਦਾਨਾ ਜਾ ਰਹੇ ਸਨ। -ਏਪੀ