* ਲੱਖਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ
* ਚੱਕਰਵਾਤੀ ਤੂਫ਼ਾਨ ਕਮਜ਼ੋਰ ਪੈਣ ਲੱਗਿਆ
* ਮਮਤਾ ਬੈਨਰਜੀ ਨੇ ਸਥਿਤੀ ਦਾ ਜਾਇਜ਼ਾ ਲਿਆ
ਕੋਲਕਾਤਾ, 27 ਮਈ
ਚੱਕਰਵਾਤੀ ਤੂਫ਼ਾਨ ‘ਰੇਮਲ’ ਨੇ ਪੱਛਮੀ ਬੰਗਾਲ ਦੇ ਸਾਹਿਲੀ ਖੇਤਰਾਂ ਵਿੱਚ ਕਾਫ਼ੀ ਤਬਾਹੀ ਮਚਾਈ ਹੈ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੇ ਖਾਸ ਕਰ ਸਾਹਿਲੀ ਖੇਤਰਾਂ ਵਿੱਚ ਪੈਂਦੇ 24 ਬਲਾਕਾਂ ਅਤੇ 79 ਕੌਂਸਲ ਵਾਰਡਾਂ ਵਿੱਚ ਲਗਪਗ 29000 ਤੋਂ ਵੱਧ ਘਰ ਨੁਕਸਾਨੇ ਗਏ। ਉੱਧਰ ਚੱਕਰਵਾਤੀ ਤੂਫ਼ਾਨ ਦੇ ਮੱਦੇਨਜ਼ਰ ਗੁਹਾਟੀ ਕੌਮਾਂਤਰੀ ਹਵਾਈ ਅੱਡੇ ਤੋਂ ਕੋਲਕਾਤਾ ਆਉਣ ਵਾਲੀਆਂ ਲਗਪਗ 14 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਸਰਕਾਰੀ ਅਧਿਕਾਰੀ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਲਗਪਗ 2,140 ਦਰੱਖਤ ਤੇ 1700 ਬਿਜਲੀ ਦੇ ਖੰਭੇ ਪੁੱਟੇ ਗਏ ਹਨ ਅਤੇ ਹਾਦਸਿਆਂ ਦੌਰਾਨ ਛੇ ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ 48 ਪੋਲਿੰਗ ਸਟੇਸ਼ਨਾਂ ਨੂੰ ਵੀ ਨੁਕਸਾਨ ਪੁੱਜਾ ਹੈ। ਮੁੱਢਲੇ ਅੰਦਾਜ਼ੇ ਮੁਤਾਬਕ 27 ਹਜ਼ਾਰ ਘਰਾਂ ਨੂੰ ਅੰਸ਼ਿਕ ਨੁਕਸਾਨ ਪੁੱਜਾ, ਜਦੋਂਕਿ 2500 ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ। ਪ੍ਰਸ਼ਾਸਨ ਵੱਲੋਂ 2,07,060 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ। ਚੱਕਰਵਾਤ ਦੌਰਾਨ ਕੋਲਕਾਤਾ ਤੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਇੱਕ-ਇੱਕ, ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਦੋ ਔਰਤਾਂ, ਅਤੇ ਪੂਰਬ ਮੇਦਿਨੀਪੁਰ ਵਿੱਚ ਪਿਤਾ-ਪੁੱਤਰ ਸਮੇਤ ਕੁੱਲ ਛੇ ਲੋਕ ਮੌਤਾਂ ਹੋਈਆਂ ਹਨ। ਤੂਫਾਨ ਕਾਰਨ ਬੀਤੀ ਰਾਤ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਸਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਸੂਬੇ ਦੇ ਤੱਟੀ ਖੇਤਰਾਂ ਵਿੱਚ ‘ਰੇਮਲ’ ਕਾਰਨ ਹੋਈ ਤਬਾਹੀ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਇਸ ਸਥਿਤੀ ਨਾਲ ਨਜਿੱਠਣ ਸਬੰਧੀ ਕੀਤੇ ਜਾ ਰਹੇ ਉਪਾਵਾਂ ਬਾਰੇ ਮੁੱਖ ਸਕੱਤਰ ਬੀਪੀ ਗੋਪਾਲਿਕਾ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰੇਗੀ। -ਪੀਟੀਆਈ
ਤ੍ਰਿਪੁਰਾ ਦੇ ਦੋ ਜ਼ਿਲ੍ਹਿਆਂ ਵਿੱਚ ‘ਰੈੱਡ ਅਲਰਟ’ ਜਾਰੀ
ਅਗਰਤਲਾ: ਬੰਗਾਲ ਦੀ ਖਾੜੀ ਤੋਂ ਪੈਦਾ ਹੋਏ ਚੱਕਰਵਾਤੀ ਤੂਫਾਨ ‘ਰੇਮਲ’ ਦੇ ਸੰਭਾਵੀ ਪ੍ਰਭਾਵ ਦੇ ਮੱਦੇਨਜ਼ਰ ਤ੍ਰਿਪੁਰਾ ਦੇ ਦੋ ਜ਼ਿਲ੍ਹਿਆਂ ਸਿਪਾਹੀਜਲਾ ਅਤੇ ਗੁਮਤੀ ਵਿੱਚ ‘ਰੈਡ ਅਲਰਟ’ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਸੂਬੇ ਦੇ ਬਾਕੀ ਛੇ ਜ਼ਿਲ੍ਹਿਆਂ ਵਿੱਚ ‘ਓਰੇਂਜ ਅਲਰਟ’ ਜਾਰੀ ਕੀਤਾ ਹੈ। ਇੱਥੇ ‘ਰੇਮਲ’ ਕਾਰਨ ਜ਼ੋਰਦਾਰ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਉਧਰ, ਚੱਕਰਵਾਤ ਦੇ ਮੱਦੇਨਜ਼ਰ ਅਸਾਮ ਵਿੱਚ ਕਈ ਜ਼ਿਲ੍ਹਿਆਂ ਵਿੱਚ ਜ਼ੋਰਦਾਰ ਮੀਂਹ ਪੈਣ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ। -ਪੀਟੀਆਈ
ਬੰਗਲਾਦੇਸ਼ ਵਿੱਚ ‘ਰੇਮਲ’ ਦਾ ਕਹਿਰ, ਦਸ ਹਲਾਕ
ਢਾਕਾ: ਚੱਕਰਵਾਤੀ ਤੂਫ਼ਾਨ ‘ਰੇਮਲ’ ਦੇ ਬੰਗਲਾਦੇਸ਼ ਦੇ ਸਾਹਿਲੀ ਇਲਾਕਿਆਂ ਵਿੱਚ ਪਹੁੰਚਣ ਮਗਰੋਂ ਘੱਟੋ ਘੱਟ ਦਸ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਲੱਖਾਂ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹੋਣਾ ਪਿਆ। ‘ਰੇਮਲ’ ਦੇ ਤੱਟ ਨਾਲ ਟਕਰਾਉਣ ਮੌਕੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਅਤੇ ਸੈਂਕੜੇ ਪਿੰਡਾਂ ਵਿੱਚ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਸਾਹਿਲੀ ਇਲਾਕਿਆਂ ਵਿੱਚ ਅੱਜ ਸਵੇਰੇ ‘ਰੇਮਲ’ ਥੋੜ੍ਹਾ ਕਮਜ਼ੋਰ ਹੋਇਆ ਅਤੇ ਹਵਾ ਦੀ ਰਫ਼ਤਾਰ 80 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। ਚੱਕਰਵਾਤੀ ਤੂਫਾਨ ਐਤਵਾਰ ਅੱਧੀ ਰਾਤ ਨੂੰ ਸਾਹਿਲ ਨਾਲ ਟਕਰਾਇਆ ਸੀ। ਮੌਸਮ ਵਿਭਾਗ ਨੇ ਦੱਸਿਆ ਕਿ ਸਵੇਰੇ 5.30 ਵਜੇ ਸਮੁੰਦਰੀ ਟਾਪੂ ਤੋਂ 150 ਕਿਲੋਮੀਟਰ ਉੱਤਰ-ਪੂਰਬ ’ਚ ਸਥਿਤ ਚੱਕਰਵਾਤੀ ਤੂਫਾਨ ਕਾਰਨ ਜ਼ੋਰਦਾਰ ਮੀਂਹ ਪਿਆ। ਹਾਲਾਂਕਿ, ‘ਰੇਮਲ’ ਉੱਤਰ-ਪੂਰਬ ਦਿਸ਼ਾ ਵੱਲ ਵਧਦੇ ਹੋਏ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ। -ਪੀਟੀਆਈ