ਨਵੀਂ ਦਿੱਲੀ:
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਅਚਾਨਕ ਵਜ਼ਨ ਘਟਣ ਦੇ ਨਾਲ ਨਾਲ ਉੱਚ ਕੀਟੋਨ ਪੱਧਰ ਦੇ ਮੱਦੇਨਜ਼ਰ ‘ਪੀਈਟੀ-ਸੀਟੀ’ ਸਕੈਨ ਸਮੇਤ ਕਈ ਮੈਡੀਕਲ ਟੈਸਟ ਕਰਾਉਣ ਲਈ ਸੁਪਰੀਮ ਕੋਰਟ ਤੋਂ ਆਪਣੀ ਅੰਤਰਿਮ ਜ਼ਮਾਨਤ 7 ਦਿਨਾਂ ਲਈ ਵਧਾਉਣ ਦੀ ਮੰਗ ਕੀਤੀ ਹੈ। ਕੇਜਰੀਵਾਲ ਨੇ 26 ਮਈ ਨੂੰ ਦਾਇਰ ਆਪਣੀ ਪਟੀਸ਼ਨ ’ਚ ਕਿਹਾ ਕਿ ਉਹ 2 ਜੂਨ ਦੀ ਥਾਂ 9 ਜੂਨ ਨੂੰ ਜੇਲ੍ਹ ਵਾਪਸੀ ਲਈ ਆਤਮ ਸਮਰਪਣ ਕਰ ਦੇਣਗੇ। ਸੂਤਰਾਂ ਅਨੁਸਾਰ, ‘ਪਟੀਸ਼ਨਰ ਆਪਣੀ ਅੰਤਰਿਮ ਜ਼ਮਾਨਤ ਇੱਕ ਹਫ਼ਤੇ ਲਈ ਵਧਾਉਣ ਦੀ ਮੰਗ ਕਰਦਾ ਹੈ ਜਿਸ ਦੌਰਾਨ ਪਟੀਸ਼ਨਰ ਨਿਰਧਾਰਤ ਟੈਸਟ ਕਰਵਾ ਸਕਦਾ ਹੈ ਅਤੇ ਉਸ ਦੀ ਰਿਪੋਰਟ ਹਾਸਲ ਕਰ ਸਕਦਾ ਹੈ। ਪਟੀਸ਼ਨਰ ਨੂੰ ਇਹ ਸਾਰੇ ਟੈਸਟ 3 ਤੋਂ 7 ਜੂਨ ਦਰਮਿਆਨ ਕਰਵਾਉਣੇ ਪੈਣਗੇ ਅਤੇ ਹਫ਼ਤੇ ਦੇ ਅਖੀਰ ਵਿੱਚ 9 ਜੂਨ ਨੂੰ ਉਹ ਆਤਮ ਸਮਰਪਣ ਕਰ ਦੇਵੇਗਾ।’ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 10 ਮਈ ਨੂੰ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਲਈ 1 ਜੂਨ ਤੱਕ 21 ਦਿਨ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ ਤੇ ਉਨ੍ਹਾਂ 2 ਜੂਨ ਨੂੰ ਜੇਲ੍ਹ ’ਚ ਵਾਪਸ ਆਉਣਾ ਹੈ। ਇਸ ਪਟੀਸ਼ਨ ’ਤੇ ਵੈਕੇਸ਼ਨ ਬੈਂਚ ਵੱਲੋਂ ਆਉਂਦੇ ਦਿਨਾਂ ਅੰਦਰ ਸੁਣਵਾਈ ਕੀਤੀ ਜਾ ਸਕਦੀ ਹੈ। -ਪੀਟੀਆਈ