ਪਟਨਾ, 27 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਰੋਧੀ ਧਿਰ ਦੇ ‘ਮੁਜਰਾ’ ਕਰਨ ਦੇ ਦਿੱਤੇ ਵਿਵਾਦਤ ਬਿਆਨ ਮਗਰੋਂ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਮੋੜਵਾਂ ਜਵਾਬ ਦਿੱਤਾ ਹੈ। ਪੱਤਰਕਾਰਾਂ ਨੇ ਜਦੋਂ ਉਨ੍ਹਾਂ ਦਾ ਧਿਆਨ ਮੋਦੀ ਦੇ ਬਿਆਨ ਵੱਲ ਦਿਵਾਇਆ ਤਾਂ ਰਾਬੜੀ ਨੇ ਕਿਹਾ,‘‘ਤਾਂ ਫਿਰ ਮੋਦੀ ਕੀ ਕਰਨਗੇ? ਕੀ ਉਹ ਤਬਲਾ ਵਜਾਉਣਗੇ?’’ ਰਾਬੜੀ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਦਾ ਚੋਣਾਂ ’ਚ ਸਫਾਇਆ ਹੋ ਜਾਵੇਗਾ ਜਿਸ ਕਾਰਨ ਮੋਦੀ ਕਮਲੀਆਂ ਗੱਲਾਂ ਕਰ ਰਹੇ ਹਨ। ਮੋਦੀ ਵੱਲੋਂ ‘ਇੰਡੀਆ’ ਗੱਠਜੋੜ ’ਤੇ ਪਾਕਿਸਤਾਨ ਸਪਾਂਸਰਡ ਜਹਾਦੀਆਂ ਤੋਂ ਹਮਾਇਤ ਲੈਣ ਦੇ ਦਾਅਵੇ ’ਤੇ ਰਾਬੜੀ ਨੇ ਕਿਹਾ ਕਿ ਜੇ ਇਹ ਗੱਲ ਸਹੀ ਹੈ ਤਾਂ ਖ਼ੁਫ਼ੀਆ ਏਜੰਸੀਆਂ ਕੀ ਕਰ ਰਹੀਆਂ ਹਨ। ‘ਪਾਕਿਸਤਾਨ ਬਾਰੇ ਰਾਗ ਅਲਾਪਣ ਤੋਂ ਪਹਿਲਾਂ ਮੋਦੀ ਨੂੰ ਚੇਤੇ ਰਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਦਾ ਜਨਮ ਉਸੇ ਮੁਲਕ ’ਚ ਹੋਇਆ ਹੈ।’ ਭਾਜਪਾ ਵੱਲੋਂ ਬਿਹਾਰ ’ਚ ਪ੍ਰਚਾਰ ਲਈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੂੰ ਭੇਜੇ ਜਾਣ ’ਤੇ ਰਾਬੜੀ ਨੇ ਕਿਹਾ ਕਿ ਉਹ ਦੇਸ਼ ’ਚ ਇਕੱਲਾ ਯਾਦਵ ਨਹੀਂ ਹੈ। ਆਰਜੇਡੀ ਦੀ ਹਮਾਇਤ ਸਿਰਫ਼ ਯਾਦਵਾਂ ਤੱਕ ਹੀ ਸੀਮਤ ਨਹੀਂ ਹੈ। -ਪੀਟੀਆਈ