ਦਲਬੀਰ ਸੱਖੋਵਾਲੀਆ
ਬਟਾਲਾ, 27 ਮਈ
ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਸੱਤ ਵਿੱਚੋਂ ਛੇ ਘਰਾਂ ਦੀ ਜਾਂਚ ਦਾ ਕੰਮ ਦੇਰ ਸ਼ਾਮ ਕਰੀਬ ਸਾਢੇ ਅੱਠ ਵਜੇ ਮੁਕੰਮਲ ਕਰ ਲਿਆ, ਜਦੋਂਕਿ ਇੱਕ ਜਣੇ ਦੇ ਘਰ ਦੀ ਜਾਂਚ ਦਾ ਕੰਮ ਅੱਜ ਦੁਪਹਿਰ ਬਾਅਦ ਮੁਕੰਮਲ ਕੀਤਾ ਗਿਆ। ਅਤਿ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਟੀਮਾਂ ਆਪਣੇ ਨਾਲ ਕੁਝ ਜ਼ਰੂਰੀ ਦਸਤਾਵੇਜ਼ ਅਤੇ ਲੈਪਟਾਪ ਸਣੇ ਹੋਰ ਸ਼ੱਕੀ ਕਿਸਮ ਦੇ ਕਾਗ਼ਜ਼ਾਤ ਲੈ ਗਏ। ਜਦੋਂਕਿ ਇਸ ਸਬੰਧੀ ਵਿਭਾਗ ਦੇ ਕਿਸੇ ਉੱਚ ਅਧਿਕਾਰੀ ਨੇ ਕੋਈ ਪੁਸ਼ਟੀ ਨਹੀਂ ਕੀਤੀ ਅਤੇ ਨਾ ਹੀ ਛਾਣਬੀਣ ਕਰਨ ਵਾਲੀ ਟੀਮ ਦੇ ਕਿਸੇੇ ਅਧਿਕਾਰੀ ਨੇ ਇਹ ਖੁਲਾਸਾ ਕੀਤਾ। ਜ਼ਿਕਰਯੋਗ ਹੈ ਕਿ ਕਾਂਗਰਸ ਪੱਖੀ ਸੱਤ ਜਣਿਆਂ ਦੇ ਘਰਾਂ ’ਤੇ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਸ਼ਨਿੱਚਰਵਾਰ ਸਵੇਰੇ ਪੰਜ ਵਜੇ ਛਾਪੇ ਮਾਰੇ ਸਨ। ਟੀਮਾਂ 60 ਘੰਟੇ ਤੋਂ ਵੱਧ ਸਮੇਂ ਤੱਕ ਘਰਾਂ ’ਚ ਕਾਗਜ਼ਾਂ ਅਤੇ ਬੈਂਕ ਨਾਲ ਸਬੰਧਤਾਂ ਦਸਤਾਵੇਜ਼ਾਂ ਦੀ ਜਾਂਚ ਕਰਦੀਆਂ ਰਹੀਆਂ। ਆਮਦਨ ਕਰ ਵਿਭਾਗ ਦੀ ਜਾਂਚ ਟੀਮ ਦੇ ਘੇਰੇ ’ਚ ਆਏ ਕਾਂਗਰਸ ਆਗੂ ਅਤੇ ਬਟਾਲਾ ਨਗਰ ਨਿਗਮ ਦੇ ਮੇਅਰ ਸੁਖਜੀਤ ਸਿੰਘ ਤੇਜਾ ਨੇ ਇਸ ਸਬੰਧੀ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ।
ਦੂਜੇ ਪਾਸੇ ਸ਼ਰਾਬ ਕਾਰੋਬਾਰੀ ਪੱਪੂ ਜੈਂਤੀਪੁਰੀਆ ਦੀ ਦਿਲ ਦੀ ਧੜਕਨ ਵਧਣ ’ਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਸ਼ਰਾਬ ਕਾਰੋਬਾਰੀ ਪੱਪੂ ਜੈਂਤੀਪੁਰੀਆ ਦੇ ਦਿਲ ਦੀ ਧੜਕਨ ਵਧਣ ਕਾਰਨ ਉਨ੍ਹਾਂ ਨੂੰ ਹਸਪਤਾਲ ਭੇਜੇ ਜਾਣ ’ਤੇ ਕਾਂਗਰਸ ਵਰਕਰਾਂ ਨੇ ਕਰ ਵਿਭਾਗ ਦੀਆਂ ਟੀਮਾਂ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਸੀ। ਟੀਮ ਵੱਲੋਂ ਜਿਹੜੇ ਘਰਾਂ ’ਚ ਜਾਂਚ ਕੀਤੀ ਗਈ ਹੈ ਉਨ੍ਹਾਂ ’ਚ ਪਿੰਡ ਘਸੀਟਪੁਰ ਦੇ ਸਰਪੰਚ ਦੇ ਪਤੀ ਪ੍ਰਭਦਿਆਲ ਸਿੰਘ ਦਾ ਘਰ, ਬਟਾਲਾ ਨਗਰ ਨਿਗਮ ਮੇਅਰ ਸੁਖਜੀਤ ਸਿੰਘ ਤੇਜਾ, ਹਲਕਾ ਸ੍ਰੀਹਰਗੋਬਿੰਦਪੁਰ ਦੇ ਪਿੰਡ ਸ਼ੁਕਾਲਾ ਦੇ ਸ਼ਰਾਬ ਕਾਰੋਬਾਰੀ ਰਾਹੁਲ ਭੱਲਾ, ਸ਼ਰਾਬ ਕਾਰੋਬਾਰੀ ਪੱਪੂ ਜੈਂਤੀਪੁਰੀਆ, ਉਸ ਦਾ ਜਨਰਲ ਮੈਨੇਜਰ ਗੁਰਪ੍ਰੀਤ ਗੋਪੀ, ਬਟਾਲਾ ਤੋਂ ਸਨਅਤਕਾਰ ਬੇਅੰਤ ਖੁੱਲਰ ਅਤੇ ਬਟਾਲਾ ਦੇ ਰੈਸਟੋਰੈਂਟ ਖਾਨਾ ਖਜ਼ਾਨਾ ਸ਼ਾਮਲ ਹੈ।
ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀਆਂ ਇਹ ਟੀਮਾਂ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਨੂੰ ਪ੍ਰਭਾਵਿਤ ਕਰਨ ਲਈ ਭੇਜੀਆਂ ਗਈਆਂ, ਪਰ ਉਸ ਦੀ ਜਿੱਤ ਨੂੰ ਕੋਈ ਨਹੀਂ ਰੋਕ ਸਕਦਾ।