ਆਤਿਸ਼ ਗੁਪਤਾ
ਚੰਡੀਗੜ੍ਹ, 27 ਮਈ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਇਸ ਵਾਰ ਗਰਮੀ ਨੇ ਪਿਛਲੇ 22 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮਈ ਮਹੀਨੇ ਦੇ ਆਖੀਰ ਵਿੱਚ ਗਰਮੀ ਨੇ ਆਪਣੇ ਅਸਲ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਅੱਜ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 45.1 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦਾ ਘੱਟ ਤੋਂ ਘੱਟ ਤਾਪਮਾਨ 28.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਗਰਮੀ ਵਧਣ ਕਾਰਨ ਲੋਕ ਘਰਾਂ ਵਿੱਚ ਬੈਠਣ ਲਈ ਮਜਬੂਰ ਹਨ। ਮੌਸਮ ਵਿਭਾਗ ਅਨੁਸਾਰ ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ 28 ਮਈ 1988 ਦਾ ਦਿਨ ਸਭ ਤੋਂ ਗਰਮ ਦਰਜ ਕੀਤਾ ਗਿਆ ਸੀ, ਉਸ ਸਮੇਂ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 46.5 ਡਿਗਰੀ ਸੈਲਸੀਅਸ ਦਰਜ ਕੀਤਾ ਸੀ।
ਚੰਡੀਗੜ੍ਹ ਵਿੱਚ ਪਿਛਲੇ 10-15 ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਗਰਮੀ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਸੁੰਨ ਪੱਸਰੀ ਰਹਿੰਦੀ ਹੈ ਅਤੇ ਬਾਜ਼ਾਰਾਂ ਵਿੱਚ ਵੀ ਸੰਨਾਟਾ ਹੈ। ਏਨਾ ਹੀ ਨਹੀਂ ਹਰ ਸਮੇਂ ਚਹਿਲ ਪਹਿਲ ਰਹਿਣ ਵਾਲੀ ਸੁਖਨਾ ਝੀਲ, ਬਰਡ ਪਾਰਕ, ਰੋਜ਼ ਗਾਰਡਨ, ਰੌਕ ਗਾਰਡਨ ਤੇ ਹੋਰਨਾਂ ਪਾਰਕਾਂ ਵਿੱਚ ਵੀ ਆਮ ਦਿਨਾਂ ਦੇ ਮੁਕਾਬਲੇ ਲੋਕ ਘੱਟ ਗਿਣਤੀ ਵਿੱਚ ਪਹੁੰਚ ਰਹੇ ਹਨ।
ਦੂਜੇ ਪਾਸੇ ਅਤਿ ਦੀ ਗਰਮੀ ਪੈਣ ਕਰ ਕੇ ਮੌਸਮ ਵਿਭਾਗ ਵੱਲੋਂ ਵੀ ਲੋਕਾਂ ਨੂੰ ਲੋੜ ਅਨੁਸਾਰ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਵੱਲੋਂ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਵੱਧ ਤੋਂ ਵੱਧ ਪਾਣੀ ਪੀਣ ਹਦਾਇਤ ਕੀਤੀ ਗਈ ਹੈ। ਦੂਜੇ ਪਾਸੇ ਡਾਕਟਰਾਂ ਵੱਲੋਂ ਵੀ ਲੋਕਾਂ ਨੂੰ ਗਰਮੀ ਵਿੱਚ ਆਪਣੇ ਖਾਣ-ਪੀਣ ਦਾ ਪੂਰਾ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਬੱਚਿਆਂ ਤੇ ਬਜ਼ੁਰਗਾਂ ਲਈ ਵਿਸ਼ੇਸ਼ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ। ਬਜ਼ੁਰਗਾਂ ਅਤੇ ਬੱਚਿਆਂ ਨੂੰ ਦੁਪਹਿਰ ਸਮੇਂ ਘਰ ਵਿੱਚੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ ਹੈ। ਸ਼ਹਿਰ ਵਿੱਚ ਅਤਿ ਦੀ ਗਰਮੀ ਪੈਣ ਦੇ ਬਾਵਜੂਦ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂ ਚੋਣ ਪ੍ਰਚਾਰ ਕਰਨ ’ਚ ਰੁੱਝੇ ਹੋਏ ਹਨ। ਉਨ੍ਹਾਂ ਵੱਲੋਂ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਸ਼ਹਿਰ ਦੀਆਂ ਸੜਕਾਂ ’ਤੇ ਵੀ ਆਮ ਲੋਕ ਘੱਟ ’ਤੇ ਨੇਤਾ ਵੱਧ ਦਿਖਾਈ ਦੇ ਰਹੇ ਹਨ। ਹਾਲਾਂ ਕਿ ਲੋਕ ਸਭਾ ਚੋਣਾਂ ਲਈ ਵੋਟਿੰਗ 1 ਜੂਨ ਨੂੰ ਹੋਵੇਗੀ ਅਤੇ ਚੋਣਾਂ ਦੇ ਨਤੀਜੇ 4 ਜੂਨ ਨੂੰ ਆਉਣਗੇ।
ਪੰਚਕੂਲਾ ਵਿੱਚ ਗਰਮੀ ਕਾਰਨ ਲੋਕ ਬੇਹਾਲ
ਪੰਚਕੂਲਾ(ਪੀ.ਪੀ.ਵਰਮਾ): ਅੱਜ ਸੋਮਵਾਰ ਨੂੰ ਪੰਚਕੂਲਾ ਵਿੱਚ ਸਾਰਾ ਦਿਨ ਗਰਮ ਹਵਾਵਾਂ ਚੱਲਦੀਆਂ ਰਹੀਆਂ। ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਕੜਾਕੇ ਦੇ ਧੁੱਪ ਕਾਰਨ ਲੋਕ ਘਰਾਂ ਵਿੱਚ ਬੈਠਣ ਲਈ ਮਜਬੂਰ ਰਹੇ। ਪੰਚਕੂਲਾ ਵਿੱਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਰਿਹਾ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਵਿੱਚ ਤਾਪਮਾਨ 46 ਡਿਗਰੀ ਤੱਕ ਪਹੁੰਚਣ ਦੀ ਪੇਸ਼ੀਨਗੋਈ ਕੀਤੀ ਹੈ। ਅਨੁਮਾਨ ਲਗਾਇਆ ਹੈ। ਸਰਕਾਰੀ ਪਾਰਕ ਪਾਣੀ ਤੋਂ ਬਿਨਾਂ ਸੁੱਕ ਰਹੇ ਹਨ। ਸ਼ਾਮ ਸੱਤ ਵਜੇ ਤੱਕ ਧੁੱਪ ਹੋਣ ਕਾਰਨ ਸੀਨੀਅਰ ਸਿਟੀਜ਼ਨਾਂ ਨੇ ਸੈਰ ਕਰਨੀ ਬੰਦ ਕਰ ਦਿੱਤੀ ਹੈ। ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਲੂ ਦੇ ਕਾਰਨ ਚਮੜੀ ਰੋਗ ਦੇ ਮਰੀਜ਼ ਪਹੁੰਚ ਰਹੇ ਹਨ। ਮੌਸਮ ਵਿਭਾਗ ਅਨੁਸਾਰ ਲੂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੋਇਆ ਹੈ। ਬੀਤੇ ਡੇਢ ਮਹੀਨੇ ਤੋਂ ਮੀਂਹ ਨਾ ਪੈਣ ਕਾਰਨ ਕਈ ਸਮਾਜਸੇਵੀ ਸੰਸਥਾਵਾਂ ਨੇ ਮੰਦਿਰਾਂ ਵਿੱਚ ਯੱਗ ਕਰਵਾਉਣੇ ਸ਼ੁਰੂ ਕੀਤੇ ਹਨ। ਮੌਸਮ ਵਿਭਾਗ ਅਨੁਸਾਰ 28 ਮਈ ਨੂੰ ਵੱਧ ਤੋਂ ਵੱਧ ਤਾਪਮਾਨ 45 ਡਿਗਰੀ, 29 ਮਈ ਨੂੰ 46 ਡਿਗਰੀ ਅਤੇ 30 ਮਈ ਨੂੰ 44 ਡਿਗਰੀ ਅਤੇ 31 ਮਈ ਨੂੰ ਤਾਪਮਾਨ 42 ਡਿਗਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਵਧੇਰੇ ਗਰਮੀ ਕਾਰਨ ਪੰਚਕੂਲਾ ਦੇ ਬਾਜ਼ਾਰਾਂ ’ਚ ਵੀ ਸੁੰਨ ਪੱਸਰੀ ਹੋਈ ਹੈ। ਮੌਸਮ ਵਿਭਾਗ ਅਨੁਸਾਰ 2 ਜੂਨ ਤੋਂ ਬਾਅਦ ਬਰਸਾਤ ਦੀ ਸੰਭਾਵਨਾ ਹੈ। ਬਿਜਲੀ ਕੱਟਾਂ ਲੋਕਾਂ ਦੀਆਂ ਪ੍ਰੇਸ਼ਾਨੀਆਂ ਹੋਰ ਵੀ ਵੱਧ ਜਾਂਦੀਆਂ ਹਨ।