ਪੱਤਰ ਪ੍ਰੇਰਕ
ਬਠਿੰਡਾ, 27 ਮਈ
ਜ਼ਿਲ੍ਹੇ ਦੇ ਕੋਟ ਭਾਈ ਰਜਵਾਹੇ ਵਿੱਚੋਂ ਨਿਕਲਦੀ ਮਹਿਮਾ ਮਾੜਾ ਮਾਈਨਰ ਦੇ ਨਵੀਨੀਕਰਨ ਦਾ ਕੰਮ ਹੌਲੀ ਚੱਲਣ ਕਾਰਨ ਅੱਧੀ ਦਰਜਨ ਪਿੰਡਾਂ ਦੇ ਜਲ ਘਰ ਛੇ ਮਹੀਨਿਆਂ ਤੋਂ ਪਾਣੀ ਨੂੰ ਤਰਸ ਗਏ ਹਨ। ਸੋਮਵਾਰ ਨੂੰ ਕਿਸਾਨਾਂ ਵੱਲੋਂ ਬੀਕੇਯੂ ਏਕਤਾ-ਉਗਰਾਹਾਂ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਜਨਕ ਸਿੰਘ ਬਰਾੜ, ਗੁਰਜੀਤ ਸਿੰਘ, ਜੀਤਨ ਸਿੰਘ ਬਰਾੜ ਬੋਹੜ ਸਿੰਘ ਮਾਨ ਨੇ ਦੋਸ਼ ਲਗਾਇਆ ਕਿ ਕੱਸੀ ਦੇ ਠੇਕੇਦਾਰ ਵੱਲੋਂ ਟੇਲਾਂ ਨਜ਼ਦੀਕ ਬਣ ਰਹੇ ਪੁਲ ਦੀ ਉਸਾਰੀ ’ਚ ਜਾਣ-ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟੇਲਾਂ ਉੱਪਰ ਵਸੇ ਪਿੰਡ ਮਹਿਮਾ ਸਰਕਾਰੀ ਦੇ ਖੇਤਾਂ ਵੱਲ ਮੋਘਾ ਲਾਉਣ ਵਿੱਚ ਵਿਭਾਗ ਵੱਲੋਂ ਪੱਖਪਾਤ ਕੀਤਾ ਜਾ ਰਿਹਾ ਹੈ।
ਨਹਿਰੀ ਵਿਭਾਗ ਸੂਤਰ ਦੱਸਦੇ ਹਨ ਕਿ ਪੁਲਾਂ ਦਾ ਕੰਮ ਕਿਸੇ ਹੋਰ ਠੇਕੇਦਾਰ ਵੱਲੋਂ ਦੇਖਿਆ ਜਾ ਰਿਹਾ ਹੈ। ਬੀਤੀ ਰਾਤ ਕੱਸੀ ਦੀ ਬਿਨਾਂ ਸਫ਼ਾਈ ਕੀਤਿਆਂ ਪਾਣੀ ਛੱਡਣ ’ਤੇ ਪਾਣੀ ਉੱਛਲਣ ਕਾਰਨ ਕਿਸਾਨ ਬਲਜੀਤ ਸਿੰਘ ਦਾ ਨਰਮਾ ਨੁਕਸਾਨਿਆ ਗਿਆ। ਉਧਰ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਲੋਕਾਂ ਨੂੰ ਟਿਊਬਵੈੱਲਾਂ ਨਾਲ ਝੋਨੇ ਦੀਆਂ ਪਨੀਰੀਆਂ ਪਾਲਣੀਆਂ ਪੈ ਰਹੀਆਂ ਹਨ।
ਨਹਿਰ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਰੰਧਾਵਾ ਸਿੰਘ ਨੇ ਕਿਹਾ ਕਿ ਪੁਲ ’ਤੇ ਸਲੈਬ ਪੈ ਗਈ ਹੈ। ਮਾਈਨਾਰ ਵਿੱਚ ਜੋ ਵੀ ਮਿੱਟੀ ਵਗੈਰਾ ਉਸ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਘਾ ਰਕਬੇ ਦੇ ਹਿਸਾਬ ਨਾਲ ਘਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਇਤਰਾਜ਼ ਦੂਰੇ ਕੀਤੇ ਜਾਣਗੇ।