ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 27 ਮਈ
ਧਨੌਲਾ ਰਜਵਾਹੇ ਵਿੱਚੋਂ ਇੱਕ ਵੱਡੇ ਉਦਯੋਗਿਕ ਘਰਾਣੇ ਨੂੰ ਪਾਣੀ ਦੇਣ ਲਈ ਸਿੰਜਾਈ ਵਿਭਾਗ ਸੰਗਰੂਰ ਵੱਲੋਂ ਮੋਘਾ ਮਨਜ਼ੂਰ ਕੀਤੇ ਜਾਣ ਉਪਰੰਤ ਪਾਈਪ ਪਾਉਣ ਦਾ ਇਲਾਕੇ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿਚ ਧਰਨਾ ਲਗਾ ਕੇ ਵਿਰੋਧ ਸ਼ੁਰੂ ਕਰ ਦਿੱਤਾ ਹੈ।
ਇਸ ਮੌਕੇ ਹਾਜ਼ਰ ਕਿਸਾਨਾਂ ਗੁਰਪ੍ਰੀਤ ਸਿੰਘ ਪੱਖੋ, ਜਗਸੀਰ ਸਿੰਘ ਜੱਗਾ ਅਤੇ ਬੀਕੇਯੂ ਕਾਦੀਆਂ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਨਹਿਰੀ ਵਿਭਾਗ ਨੇ ਟਰਾਈਡੈਂਟ ਫੈਕਟਰੀ ਲਈ ਮੋਘਾ ਪਾਸ ਕਰ ਕੇ ਕਿਸਾਨਾਂ ਦੇ ਖੇਤਾਂ ਨੂੰ ਜਾ ਰਹੇ ਪਾਣੀ ਦੇ ਹੱਕ ’ਤੇ ਡਾਕਾ ਮਾਰਿਆ ਹੈ। ਇਸ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਬੰਜਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਕਿਸਾਨਾਂ ਦੇ ਖੇਤਾਂ ਤੇ ਟੇਲਾਂ ਤੱਕ ਪਾਣੀ ਪਹੁੰਚਾਉਣ ਦੀਆਂ ਗੱਲਾਂ ਕਰਦੀ ਹੈ ਪਰ ਦੂਜੇ ਪਾਸੇ ਕਿਸਾਨਾਂ ਦੇ ਖੇਤਾਂ ਨੂੰ ਨਾ-ਮਾਤਰ ਜਾ ਰਹੇ ਪਾਣੀ ’ਤੇ ਵੀ ਕੱਟ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਇਸ ਪਾਇਪਲਾਈਨ ਨੂੰ ਨਹੀਂ ਪਾਉਣ ਦੇਣਗੇ। ਕਿਸਾਨਾਂ ਨੇ ਕਿਹਾ ਕਿ ਇਸ ਰਜਵਾਹੇ ਦੇ ਮੋਘਿਆਂ ਵਿੱਚ ਤਾਂ ਪਹਿਲਾਂ ਹੀ ਪਾਣੀ ਨਹੀਂ ਪੈਂਦਾ ਤੇ ਨਹਿਰੀ ਵਿਭਾਗ ਨੇ ਉਦਯੋਗਿਕ ਘਰਾਣੇ ਲਈ ਮੋਘਾ ਪਾਸ ਕਰ ਕੇ ਕਿਸਾਨਾਂ ਨਾਲ ਧੱਕਾ ਕੀਤਾ ਹੈ।
ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਅਤਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਇਸ ਮੋਘੇ ਦੇ ਲੱਗਣ ਨਾਲ ਕਿਸਾਨਾਂ ਦੇ ਹੱਕ ’ਤੇ ਕੋਈ ਅਸਰ ਨਹੀਂ ਪਵੇਗਾ, ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਪੂਰਾ ਪਾਣੀ ਮਿਲੇਗਾ।
ਟਰਾਈਡੈਂਟ ਉਦਯੋਗ ਸਮੂਹ ਦੇ ਅਧਿਕਾਰੀ ਰੁਪਿੰਦਰ ਗੁਪਤਾ ਨੇ ਕਿਹਾ ਕਿ ਵਿਭਾਗ ਦੀਆਂ ਸ਼ਰਤਾਂ ਨਾਲ ਹੀ ਮੋਘਾ ਪਾਸ ਹੋਇਆ ਹੈ ਤੇ ਸਾਰੀਆਂ ਧਿਰਾਂ ਨੂੰ ਪੂਰਾ ਪਾਣੀ ਮਿਲੇਗਾ। ਉਨ੍ਹਾਂ ਕਿਹ ਕਿ ਫਿਰ ਵੀ ਜੇ ਕਿਸਾਨਾਂ ਦਾ ਪਾਣੀ ਘਟ ਜਾਵੇ ਤਾਂ ਉਹ ਮੋਘਾ ਬੰਦ ਕਰ ਦੇਣ।