ਸੰਤੋਖ ਗਿੱਲ
ਗੁਰੂਸਰ ਸੁਧਾਰ, 27 ਮਈ
ਪਿੰਡ ਰਾਜੋਆਣਾ ਕਲਾਂ ਵਿੱਚ ਖ਼ੂਨੀ ਝੜਪ ਦੌਰਾਨ ਮਾਰੇ ਗਏ ਹਾਂਸ ਕਲਾਂ ਵਾਸੀ ਰਾਜਵਿੰਦਰ ਸਿੰਘ ਉਰਫ਼ ਰਾਜਨ ਦੇ ਕਤਲ ਕੇਸ ਵਿੱਚ ਸੁਧਾਰ ਪੁਲੀਸ ਨੇ 7 ਵਿਅਕਤੀ ਨਾਮਜ਼ਦ ਕੀਤੇ ਹਨ। ਥਾਣਾ ਮੁਖੀ ਸਬ-ਇੰਸਪੈਕਟਰ ਬਲਵਿੰਦਰ ਸਿੰਘ ਅਨੁਸਾਰ ਮ੍ਰਿਤਕ ਰਾਜਵਿੰਦਰ ਸਿੰਘ ਉਰਫ਼ ਰਾਜਨ ਦੇ ਭਰਾ ਸਤਵਿੰਦਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਹਾਂਸ ਕਲਾਂ ਦੇ ਬਿਆਨ ਅਨੁਸਾਰ ਮੈਂਗਲ ਸਿੰਘ ਪੁੱਤਰ ਮੇਵਾ ਸਿੰਘ, ਜੱਸਾ ਪੁੱਤਰ ਜਸਵੰਤ ਸਿੰਘ, ਰਵੀ, ਗੁਰਦੀਪ ਸਿੰਘ ਟੀਟੂ, ਗੁਰਚਰਨ ਸਿੰਘ, ਅੰਮ੍ਰਿਤ ਸਾਰੇ ਵਾਸੀ ਰਾਜੋਆਣਾ ਕਲਾਂ ਤੋਂ ਇਲਾਵਾ ਮਾਟੋ ਵਾਸੀ ਪਿੰਡ ਹੇਰਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302, 148 ਅਤੇ 149 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੇ ਭਰਾ ਸਤਵਿੰਦਰ ਸਿੰਘ ਅਨੁਸਾਰ ਮੈਂਗਲ ਸਿੰਘ ਉਰਫ਼ ਗੁੱਗੂ ਨੇ ਉਨ੍ਹਾਂ ਦੇ ਸਾਥੀ ਕਾਲੂ ਵਾਸੀ ਹੇਰਾਂ ਦੀ ਕੁੱਟਮਾਰ ਕੀਤੀ ਸੀ ਅਤੇ ਉਹ ਇਸ ਸਬੰਧੀ ਗੱਲਬਾਤ ਕਰਨ ਲਈ ਸ਼ਨੀਵਾਰ ਦੀ ਰਾਤ ਮੈਂਗਲ ਸਿੰਘ ਕੋਲ ਗਏ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੈਂਗਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਰਵਾਇਤੀ ਹਥਿਆਰਾਂ ਨਾਲ ਉਨ੍ਹਾਂ ਉਪਰ ਹਮਲਾ ਕਰ ਦਿੱਤਾ ਸੀ।
ਉਪ ਪੁਲੀਸ ਕਪਤਾਨ ਜਤਿੰਦਰਪਾਲ ਸਿੰਘ ਅਨੁਸਾਰ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਗੁਰਦੀਪ ਸਿੰਘ ਉਰਫ਼ ਟੀਟੂ ਪੁੱਤਰ ਜਗਰੂਪ ਸਿੰਘ ਅਤੇ ਗੁਰਚਰਨ ਸਿੰਘ ਉਰਫ਼ ਚਰਨਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਜਾਂਚ ਅਫ਼ਸਰ ਬਲਵਿੰਦਰ ਸਿੰਘ ਅਨੁਸਾਰ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਨੇ ਦੋ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ।