ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਮਈ
ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਗ਼ਦਰ ਪਾਰਟੀ ਦੇ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਨਾਟਕ ਮੇਲੇ ਦੌਰਾਨ ਡਾ. ਸਾਹਿਬ ਸਿੰਘ ਵੱਲੋਂ ਲੱਛੂ ਕੁਬਾੜੀਆ’ ਨਾਟਕ ਖੇਡਿਆ ਗਿਆ। ਸ਼ਹੀਦ ਬਾਬਾ ਭਾਨ ਸਿੰਘ ਗ਼ਦਰ ਮੈਮੋਰੀਅਲ ਟਰੱਸਟ, ਜਮਹੂਰੀ ਅਧਿਕਾਰ ਸਭਾ, ਗ਼ਦਰੀ ਬਾਬਾ ਭਾਨ ਸਿੰਘ ਨੌਜਵਾਨ ਸਭਾ, ਤਰਕਸ਼ੀਲ ਸੁਸਾਇਟੀ ਅਤੇ ਇਨਕਲਾਬੀ ਮਜ਼ਦੂਰ ਕੇਂਦਰ ਲੁਧਿਆਣਾ ਦੇ ਪ੍ਰਬੰਧਾਂ ਹੇਠ ਕਰਵਾਇਆ ਇਹ ਨਾਟਕ, ਧਰਮ ਅਤੇ ਜਾਤ-ਪਾਤ ਆਧਾਰਿਤ ਕੱਟੜਪੰਥੀਆਂ, ਰਾਜਨੀਤੀਵਾਨਾਂ ਅਤੇ ਘੜੱਮ ਚੌਧਰੀਆਂ ਵੱਲੋਂ ਕਿਰਤੀ ਵਰਗ ਨਾਲ ਕੀਤੇ ਜਾਂਦੇ ਗੈਰ ਮਨੁੱਖੀ ਵਰਤਾਓ ਨੂੰ ਬਹੁਤ ਹੀ ਦਿੱਲ ਟੁੰਬਵੇਂ ਅੰਦਾਜ਼ ਰਾਹੀਂ ਪੇਸ਼ ਕਰਕੇ ਸਹੀ ਸੇਧ ਦੇਣ ਵਿੱਚ ਸਫਲ ਰਿਹਾ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਹੀਦ ਕਰਤਾਰ ਸਿੰਘ ਅਤੇ ਗ਼ਦਰ ਪਾਰਟੀ ਵੱਲੋਂ ਦੇਸ਼ ਨੂੰ ਆਜ਼ਾਦ ਕਰਵਾ ਕੇ ਸਮਾਜ ਵਿੱਚ ਬਰਾਬਰੀ ’ਤੇ ਆਧਾਰਿਤ ਰਾਜ ਪ੍ਰਬੰਧ ਸਿਰਜਣ ਦੇ ਮਨਸੂਬਿਆਂ ਬਾਰੇ ਵਿਚਾਰ ਪ੍ਰਗਟਾਏ। ਟਰੱਸਟ ਦੇ ਪ੍ਰਧਾਨ ਕਰਨਲ ਜੇ ਐਸ ਬਰਾੜ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ। ਕਾਮਰੇਡ ਸੁਰਿੰਦਰ ਨੇ ਮੌਜੂਦਾ ਚੋਣਾਂ ਦੇ ਦੌਰ ਵਿੱਚ ਸਾਰੀਆਂ ਪਾਰਟੀਆਂ ਦੇ ਸਿਆਸਤਦਾਨਾਂ ਨੂੰ ਕਟਹਿਰੇ ਵਿੱਚ ਖੜਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਜਿੱਤਣ ਉਪਰੰਤ ਪਹਿਲਾਂ ਦੀ ਤਰ੍ਹਾਂ ਹੀ ਲੋਕਾਂ ਦੀ ਬਜਾਏ ਜੋਕਾਂ (ਕਾਰਪੋਰੇਟਾਂ) ਦੇ ਪੱਖ ਵਿੱਚ ਭੁਗਤਣਾ ਹੈ। ਇਸ ਦੌਰਾਨ ਸੁਬੇਗ ਸਿੰਘ, ਰਬਿਤਾ ਅਤੇ ਟੀਮ, ਕਰਮਜੀਤ ਕੌਰ, ਮੀਨਾਖਸ਼ੀ ਉਰਫ ਮੀਨੂੰ ਨੇ ਗੀਤ ਕਵਿਤਾਵਾਂ ਰਾਹੀਂ ਹਾਜ਼ਰੀ ਲਵਾਈ। ਰਵਿਤਾ ਅਤੇ ਉਸ ਦੀ ਟੀਮ ਨੇ ਮਰਹੂਮ ਸ਼ਾਇਰ ਸੁਰਜੀਤ ਪਾਤਰ ਦੀ ਕਵਿਤਾ ਨੂੰ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ।