* ਮਹਿਲਾਵਾਂ ਨੂੰ ਇੱਕ ਹਜ਼ਾਰ ਦੀ ਥਾਂ 11 ਸੌ ਦੀ ਰਾਸ਼ੀ ਦੇਣ ਦਾ ਐਲਾਨ
ਬੀਰਬਲ ਰਿਸ਼ੀ/ਗੁਰਨਾਮ ਸਿੰਘ ਚੌਹਾਨ
ਧੂਰੀ/ਪਾਤੜਾਂ, 28 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਿਆਸੀ ਸਫ਼ਾਇਆ, ਇੰਡੀਆ ਗੱਠਜੋੜ ਦੀ ਸਰਕਾਰ ਆਉਣਾ ਅਤੇ ਸੰਗਰੂਰ ਤੋਂ ਜਿੱਤ ਕੇ ਸੰਸਦ ਪੁੱਜਣ ’ਤੇ ਪਾਰਟੀ ਉਮੀਦਵਾਰ ਮੀਤ ਹੇਅਰ ਨੂੰ ਵੱਡਾ ਅਹੁਦਾ ਮਿਲਣਾ ਤੈਅ ਹੈ। ਉਹ ਅੱਜ ਧੂਰੀ ਤੇ ਪਾਤੜਾਂ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ’ਚ ਲੋਕ ਸਭਾ ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ’ਚ ਰੱਖੀ ਚੋਣ ਰੈਲੀ ਦੌਰਾਨ ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਦੀ ਲੋਕਾਂ ਵੱਲੋਂ ਚੁਣ ਕੇ ਬਣਾਈ ਸਰਕਾਰ ਡੇਗਣ ਦੀਆਂ ਗੱਲਾਂ ’ਤੇ ਵਿਅੰਗ ਕਰਦਿਆਂ ਕਿਹਾ ਕਿ ਭਾਜਪਾ ਨੂੰ ‘ਆਪ’ ਦਾ ਫਿਕਰ ਛੱਡ ਕੇ ਆਪਣੀ ਹੋਂਦ ਬਚਾਉਣ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ 43 ਹਜ਼ਾਰ ਨੌਕਰੀਆਂ ਦੇਣ, ਕਿਸਾਨਾਂ ਦੇ ਖੇਤਾਂ ’ਚ ਪਾਣੀ ਪਹੁੰਚਾਉਣ, ਖੇਤੀ ਮੋਟਰਾਂ ਲਈ ਬਿਜਲੀ ਰਾਤ ਦੀ ਥਾਂ ਦਿਨ ਸਮੇਂ ਦੇਣ, ਬਿਜਲੀ ਬਿੱਲ ਮੁਆਫ਼ ਕਰਨ, ਟੌਲ ਪਲਾਜ਼ੇ ਬੰਦ ਕਰਨ ਸਮੇਤ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਹਿਲਾਵਾਂ ਨੂੰ ਬਹੁਤ ਛੇਤੀ ਇੱਕ ਹਜ਼ਾਰ ਨਹੀਂ ਸਗੋਂ ਗਿਆਰਾਂ ਸੌ ਪ੍ਰਤੀ ਮਹੀਨਾ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਬਾਦਲ ਪਰਿਵਾਰ ’ਤੇ ‘ਕਿੱਕਲੀ’ ਰਾਹੀਂ ਵਿਅੰਗ ਬਾਣ ਛੱਡੇ ਅਤੇ ਕਿਹਾ ਕਿ ਇਨ੍ਹਾਂ ਦੇ ਪਰਿਵਾਰਕ ਮੈਂਬਰ ਰੋ ਕੇ ਸੌਂਦੇ ਨੇ ਅਤੇ ਉੱਠ ਕੇ ਰੋਂਦੇ ਨੇ। ਕਾਂਗਰਸ ਸਬੰਧੀ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਸਿਆਸੀ ਸੁਰ ਤੇ ਤਾਲ ਨਹੀਂ ਮਿਲ ਰਿਹਾ ਕਿਉਂਕਿ ਬਠਿੰਡੇ ਵਾਲੇ ਨੂੰ ਲੁਧਿਆਣਾ, ਭੁਲੱਥ ਵਾਲੇ ਨੂੰ ਸੰਗਰੂਰ ਅਤੇ ਸੰਗਰੂਰ ਵਾਲੇ ਆਨੰਦਪੁਰ ਭੇਜ ਕੇ ਆਪਣੀ ਬੌਧਿਕ ਕੰਗਾਲੀ ਦਾ ਸਬੂਤ ਦੇ ਰਹੇ ਹਨ। ਇਸੇ ਤਰ੍ਹਾਂ ਭਾਜਪਾ ਦੇ ਅਰਵਿੰਦ ਖੰਨਾ ਪਹਿਲਾਂ ਹੀ ਧੂਰੀ ਦੇ ਲੋਕਾਂ ਨੂੰ ਅੱਧ ਵਿਚਾਲੇ ਛੱਡ ਕੇ ਆਪਣੇ ਸਟੈਂਡ ਦਾ ਸਬੂਤ ਦੇ ਚੁੱਕੇ ਹਨ। ‘ਆਪ’ ਉਮੀਦਵਾਰ ਮੀਤ ਹੇਅਰ ਨੇ ਕਿਹਾ ਕਿ ਉਹ ਸੰਸਦ ਜਾ ਕੇ ਹਲਕਾ ਸੰਗਰੂਰ ਦੇ ਲੋਕਾਂ ਦੀ ਆਵਾਜ਼ ਬਣਨਗੇ ਅਤੇ ਲੋਕਾਂ ਦਾ ਭਰੋਸਾ ਟੁੱਟਣ ਨਹੀਂ ਦੇਣਗੇ। ਇਸ ਮੌਕੇ ਕਾਂਗਰਸ ਨਾਲ ਸਬੰਧਤ ਸਾਬਕਾ ਵਿਧਾਇਕ ਰਾਜ ਸਿੰਘ ਖੇੜੀ ਸਮੇਤ ਕਈ ਹੋਰਨਾਂ ਨੂੰ ਮੁੱਖ ਮੰਤਰੀ ਨੇ ਪਾਰਟੀ ’ਚ ਸ਼ਾਮਲ ਕੀਤਾ। ਇਸੇ ਦੌਰਾਨ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਸ਼ੁਤਰਾਣਾ ਦੀ ਅਨਾਜ ਮੰਡੀ ਪਾਤੜਾਂ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਵੱਡੇ ਹਜੂਮ ਦੇ ਜੋਸ਼ ਨੇ ਜਿੱਤ ਦਾ ਬਿਗਲ ਵਜਾ ਦਿੱਤਾ ਹੈ। ਹੁਣ ਭਾਜਪਾ ਕੇਂਦਰ ਵਿੱਚ ਅਗਲੀ ਸਰਕਾਰ ਨਹੀਂ ਬਣਾ ਸਕੇਗੀ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਸਪੱਸ਼ਟ ਕਰਨ ਕਿ ਉਹ ਜਮਹੂਰੀ ਤਰੀਕੇ ਨਾਲ ਚੁਣੀ ਗਈ ਪੰਜਾਬ ਸਰਕਾਰ ਦਾ ਤਖ਼ਤਾ ਪਲਟਣ ਦੀ ਯੋਜਨਾ ਕਿਵੇਂ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਐਤਕੀਂ ਭਾਜਪਾ ਨੂੰ ਨਾ ਹਰਾਇਆ ਤਾਂ ਦੇਸ਼ ਦਾ ਲੋਕਤੰਤਰ ਤੇ ਸੰਵਿਧਾਨ ਨਹੀਂ ਬਚੇਗਾ ਅਤੇ ਦੇਸ਼ ਦਾ ਭਵਿੱਖ ਪਾਕਿਸਤਾਨ, ਬੰਗਲਾਦੇਸ਼ ਤੇ ਰੂਸ ਵਰਗਾ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਲਗਪਗ ਸਾਢੇ ਅੱਠ ਹਜ਼ਾਰ ਕਰੋੜ ਰੁਪਏ ਰੋਕੇ ਹੋਏ ਹਨ ਅਤੇ ਭਾਜਪਾ ਵਿਰੋਧੀ ਧਿਰਾਂ ਵਾਲੀਆਂ ਰਾਜ ਸਰਕਾਰਾਂ ਨੂੰ ਪ੍ਰੇਸ਼ਾਨ ਕਰਦੀ ਹੈ।
‘ਆਪ’ ਉਮੀਦਵਾਰ ਮੀਤ ਹੇਅਰ ਦੇ ਹੱਕ ’ਚ ਰੋਡ ਸ਼ੋਅ
ਬਰਨਾਲਾ/ਲਹਿਰਾਗਾਗਾ/ਦਿੜ੍ਹਬਾ ਮੰਡੀ (ਰਵਿੰਦਰ ਰਵੀ/ ਰਮੇਸ਼ ਭਾਰਦਵਾਜ/ ਰਣਜੀਤ ਸਿੰਘ ਸ਼ੀਤਲ): ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸੰਗਰੂਰ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਬਰਨਾਲਾ, ਲਹਿਰਾਗਾਗਾ ਤੇ ਦਿੜ੍ਹਬਾ ਮੰਡੀ ’ਚ ਰੋਡ ਸ਼ੋਅ ਕੀਤੇ ਗਏ। ਇਨ੍ਹਾਂ ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਲੋਕ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਉਮੀਵਾਰ ਮੀਤ ਹੇਅਰ ਦਾ ਸਵਾਗਤ ਕਰਨ ਲਈ ਪੁੱਜੇ ਹੋਏ ਸਨ। ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਕਿ ਉਹ ਮੀਤ ਹੇਅਰ ਨੂੰ ਜਿਤਾਉਣ ਤੇ ਅੱਗੇ ਮੀਤ ਹੇਅਰ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਉਹ ਸੰਸਦ ਵਿੱਚ ਸੰਗਰੂਰ ਦੀ ਆਵਾਜ਼ ਬਣ ਕੇ ਹਰ ਮਸਲਾ ਹੱਲ ਕਰਵਾਉਣਗੇ। ਇਸ ਮਗਰੋਂ ਮੁੱਖ ਮੰਤਰੀ ਨੇ ਮੀਤ ਹੇਅਰ ਜੇ ਹੱਕ ਵਿੱਚ ਲਹਿਰਾਗਾਗਾ ’ਚ ਨਗਰ ਕੌਂਸਲ ਤੋਂ ਮੰਦਿਰ ਚੌਕ ਤੱਕ ਰੋਡ ਸ਼ੋਅ ਕੀਤਾ। ਇਸ ਮੌਕੇ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਵੀ ਹਾਜ਼ਰ ਰਹੇ। ਇੱਥੇ ਲੋਕਾਂ ਨੂੰ ਸੰਬੋਧਨ ਕਰਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਆਉਣ ਵਾਲੀ ਲੋਕ ਸਭਾ ਵਿਚ ‘ਆਪ’ ਅਹਿਮ ਭੂਮਿਕਾ ਨਿਭਾਏਗੀ।