ਨਵੀਂ ਦਿੱਲੀ, 28 ਮਈ
ਇਨਕਮ ਟੈਕਸ ਵਿਭਾਗ ਨੇ ਅੱਜ ਕਰਦਾਤਿਆਂ ਨੂੰ ਵੱਧ ਟੈਕਸ ਕਟੌਤੀ ਤੋਂ ਬਚਣ ਲਈ ‘ਪੈਨ’ ਕਾਰਡ ਨੂੰ 31 ਮਈ ਤੱਕ ‘ਆਧਾਰ’ ਕਾਰਡ ਨਾਲ ਲਿੰਕ ਕਰਵਾਉਣ ਲਈ ਕਿਹਾ ਹੈ। ਇਨਕਮ ਟੈਕਸ ਦੇ ਨਿਯਮਾਂ ਮੁਤਾਬਕ ਜੇ ਸਥਾਈ ਖਾਤਾ ਨੰਬਰ (ਪੈਨ) ਬਾਇਓਮੈਟਰਿਕ ‘ਆਧਾਰ’ ਨਾਲ ਲਿੰਕ ਨਹੀਂ ਕੀਤਾ ਗਿਆ ਤਾਂ ਟੀਡੀਐੱਸ ਲਾਗੂ ਦਰ ਤੋਂ ਦੁੱਗਣੀ ਦਰ ’ਤੇ ਕੱਟਣਾ ਜ਼ਰੂਰੀ ਹੈ। ਪਿਛਲੇ ਮਹੀਨੇ ਇਨਕਮ ਟੈਕਸ ਵਿਭਾਗ ਨੇ ਇੱਕ ਸਰਕੁਲਰ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜੇ ਕਰਦਾਤਾ ਤੈਅ 31 ਮਈ ਤੱਕ ਆਪਣੇ ‘ਪੈਨ’ ਨੂੰ ‘ਆਧਾਰ’ ਨਾਲ ਲਿੰਕ ਕਰਵਾਉਂਦਾ ਹੈ ਤਾਂ ਟੀਡੀਐੱਸ ਦੀ ਘੱਟ ਕਟੌਤੀ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਆਈਟੀ ਵਿਭਾਗ ਨੇ ‘ਐਕਸ’ ’ਤੇ ਕਿਹਾ, ‘‘ਉੱਚੀ ਦਰ ਨਾਲ ਟੈਕਸ ਕਟੌਤੀ ਤੋਂ ਬਚਣ ਲਈ ਕ੍ਰਿਪਾ ਕਰ ਕੇ 31 ਮਈ 2024 ਤੋਂ ਪਹਿਲਾਂ ਆਪਣੇ ਪੈਨ ਨੂੰ ਆਧਾਰ ਨਾਲ, ਜੇ ਤੁਸੀਂ ਪਹਿਲਾਂ ਨਹੀਂ ਕੀਤਾ ਤਾਂ ਲਿੰਕ ਕਰੋ।’’ ਇੱਕ ਹੋਰ ਪੋੋਸਟ ਵਿੱਚ ਆਈਟੀ ਵਿਭਾਗ ਨੇ ਬੈਂਕਾਂ, ਵਿਦੇਸ਼ੀ ਮੁਦਰਾ ਡੀਲਰਾਂ ਸਮੇਤ ਰਿਪੋਰਟਿੰਗ ਸੰਸਥਾਵਾਂ ਨੂੰ ਜੁਰਮਾਨੇ ਤੋਂ ਬਚਣ ਲਈ 31 ਮਈ ਤੱਕ ਐੱਸਐੱਫਟੀ ਦਾਖ਼ਲ ਕਰਨ ਲਈ ਕਿਹਾ ਹੈ। -ਪੀਟੀਆਈ