ਨਵੀਂ ਦਿੱਲੀ, 28 ਮਈ
ਕੌਮੀ ਰਾਜਧਾਨੀ ਦੀ ਅਦਾਲਤ ਨੇ ਅੱਜ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਹਮਲੇ ਦੇ ਮਾਮਲੇ ’ਚ ਮੁੱਖ ਮੰਤਰੀ ਦੇ ਸਹਿਯੋਗੀ ਵਿਭਵ ਕੁਮਾਰ ਨੂੰ 31 ਮਈ ਤੱਕ ਦਿੱਲੀ ਪੁਲੀਸ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਸਬੰਧੀ ਦਿੱਲੀ ਪੁਲੀਸ ਨੇ ਅਦਾਲਤ ’ਚ ਅਪੀਲ ਦਾਇਰ ਕੀਤੀ ਸੀ। ਮਾਲੀਵਾਲ ’ਤੇ 13 ਮਈ ਨੂੰ ਮੁੱਖ ਮੰਤਰੀ ਦੀ ਅਧਿਕਾਰਤ ਰਿਹਾਇਸ਼ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ ਸੀ। ਨਿਆਂਇਕ ਹਿਰਾਸਤ ਦੀ ਮਿਆਦ ਮੁੱਕਣ ਮਗਰੋਂ ਵਿਭਵ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਇਸ ਮਗਰੋਂ ਦਿੱਲੀ ਪੁਲੀਸ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਮੈਟਰੋਪੋਲੀਟਨ ਮੈਜਿਸਟਰੇਟ ਗੌਰਵ ਗੋਇਲ ਨੇ ਵਿਭਵ ਨੂੰ 31 ਮਈ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। -ਪੀਟੀਆਈ