ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਪਟਿਆਲਾ/ਪਾਤੜਾਂ 28 ਮਈ
ਵਿਜੀਲੈਂਸ ਬਿਊਰੋ ਪਟਿਆਲਾ ਦੀ ਟੀਮ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਦਿਓਗੜ੍ਹ ਦੇ ਸਾਬਕਾ ਪੰਚ ਕਰਨੈਲ ਸਿੰਘ ਨੂੰ 1.40 ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਮੁਲਜ਼ਮ ਇਹ ਰਾਸ਼ੀ ਐੱਸਆਈ ਅਤੇ ਏਐੱਸਆਈ ਦੇ ਹਵਾਲੇ ਨਾਲ ਆਪਣੇ ਪਿੰਡ ਦੇ ਹੀ ਸ਼ੇਰਾ ਸਿੰਘ ਕੋਲੋਂ ਲੈ ਰਿਹਾ ਸੀ। ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਦੇ ਖ਼ਿਲਾਫ਼ ਥਾਣਾ ਘੱਗਾ ਵਿੱਚ ਦਰਜ ਕੇਸ ’ਚ ਮਦਦ ਕਰਨ ਬਦਲੇ ਸੀਆਈਏ ਸਮਾਣਾ ਦੇ ਇੰਚਾਰਜ ਐੱਸਆਈ ਮਨਪ੍ਰੀਤ ਸਿੰਘ ਅਤੇ ਏਐੱਸਆਈ ਪ੍ਰਗਟ ਸਿੰਘ ਨੇ ਉਸ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਸੀ ਜਿਨ੍ਹਾਂ ਨੇ ਇਹ ਰਕਮ ਉਸ ਨੂੰ ਆਪਣੇ ਜਾਣਕਾਰ ਕਰਨੈਲ ਸਿੰਘ ਨੂੰ ਸੌਂਪਣ ਲਈ ਆਖਿਆ। ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਕਰਨੈਲ ਸਿੰਘ ਨੂੰ ਕਾਬੂ ਕਰ ਲਿਆ, ਜਿਸ ਖ਼ਿਲਾਫ਼ ਵਿਜੀਲੈਂਸ ਦੇ ਥਾਣਾ ਪਟਿਆਲਾ ਰੇਂਜ ਵਿੱਚ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।