ਸੁਰਜੀਤ ਮਜਾਰੀ
ਬੰਗਾ, 28 ਮਈ
ਸ੍ਰੀ ਆਨੰਦਪੁਰ ਸਾਹਿਬ ਵਿੱਚ ਇਸ ਵਾਰ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਲਈ ਰੈਲੀਆਂ ਕਰਨ, ਕੌਮੀ ਆਗੂ ਲਿਆਉਣ, ਵੱਡੇ ਹੋਰਡਿੰਗ ਲਾਉਣ ਅਤੇ ਸ਼ੋਸ਼ਲ ਮੀਡੀਏ ’ਤੇ ਰੀਲਾਂ ਪਾਉਣ ਦੇ ਨਾਲ ਆਪਣੇ ਵਿਅਕਤੀਤਵ ਦੇ ਸੋਹਲੇ ਗਾਉਣ ਵਾਲੇ ਗੀਤ ਵਜਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਮੀਦਵਾਰਾਂ ਦੇ ਪ੍ਰਚਾਰ ਲਈ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅਤੇ ਗਲੀ-ਗਲੀ ਘੁੰਮਦੇ ਵਾਹਨਾਂ ’ਤੇ ਲੱਗੇ ਸਪੀਕਰਾਂ ’ਤੇ ਗੀਤਾਂ ਦੀ ਛਹਿਬਰ ਲੱਗੀ ਹੋਈ ਹੈ। ਬਸਪਾ ਦੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੇੇ ਹੱਕ ’ਚ ‘ਆਜੋ ਹਾਥੀ ਵਾਲਾ ਬਟਨ ਦਬਾਈਏ, ਰਾਜ ਭਾਗ ਆ ਜਾਊ ਆਪਣਾ’ ਗੀਤ ਸੁਣਨ ਨੂੰ ਮਿਲ ਰਿਹਾ ਹੈ। ਇਵੇਂ ਹੀ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਦੇ ਸਬੰਧ ’ਚ ‘ਦੇਸ਼ ਦਾ ਭਲਾ ਕਰਾਉਣ ਲਈ, ਵੋਟਾਂ ਕਾਂਗਰਸ ਨੂੰ ਪਾਉਣੀਆਂ ਨੇ’ ਗੀਤ ਸਪੀਕਰਾਂ ਵਿੱਚ ਵੱਜ ਰਿਹਾ ਹੈ। ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਪ੍ਰਚਾਰ ਵਾਹਨਾਂ ’ਤੇ ਦੋ ਗੀਤ ਵਧੇਰੇ ਸੁਣਾਈ ਦੇ ਰਹੇ ਹਨ। ਪਹਿਲਾ ‘ਪੰਜਾਬ ਦੇ ਮਸਲੇ ਹੱਲ ਕਰਾਉਣ ਲਈ, ਅਕਾਲੀ ਦਲ ਜ਼ਰੂਰੀ ਹੈ’ ਅਤੇ ਦੂਜਾ ‘ਸਾਂਸਦ ਆਨੰਦਪੁਰ ਸਾਹਿਬ ਦੇ ਹਲਕੇ ਤੋਂ, ਇਸ ਵਾਰ ਪ੍ਰੋ. ਚੰਦੂਮਾਜਰਾ ਹੋਊ’।
ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਬਾਰੇ ਗੀਤ ‘ਆਨੰਦਪੁਰ ਸਾਹਿਬ ਦਾ ਵੀਰ ਸੁਭਾਸ਼, ਜਿੱਤ ਕੇ ਦਿੱਲੀ ਜਾਊਗਾ’ ਸੁਣਨ ਨੂੰ ਮਿਲ ਰਿਹਾ।
ਦੂਜੇ ਬੰਨੇ ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਚੋਣ ਪ੍ਰਚਾਰ ਗੀਤ ‘ਤੂੰ ਕਿਹੜਾ ਦਸ ਦਿੱਲੀ ਜਿੱਤੀ, ਦਿਲ ਹੀ ਜਿੱਤੇ ਆ’ ਤੋਂ ਇਲਾਵਾ ‘ਚਾਰ ਚੁਫੇਰੇ ਹਲਕੇ ਵਿੱਚ, ਕੰਗ ਦੀ ਬੱਲੇ ਬੱਲੇ ਹੈ’ ਗੂੰਜ ਰਹੇ ਹਨ।