ਗਗਨਦੀਪ ਅਰੋੜਾ
ਲੁਧਿਆਣਾ, 28 ਮਈ
ਭਾਜਪਾ ਉਮੀਦਵਾਰ ਲਈ ਚੋਣ ਪ੍ਰਚਾਰ ਕਰਨ ਲਈ ਇੱਥੇ ਪੁੱਜੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਨਅਤੀ ਸ਼ਹਿਰ ਦੇ ਵੱਡੇ ਸਨਅਤਕਾਰਾਂ ਤੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਵਿੱਤ ਮੰਤਰੀ ਸੀਤਾਰਮਨ ਨੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਸੁਣੀਆਂ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਐੱਮਐੱਸਐੱਮਈ ਲਈ ਜੋ ਨਵਾਂ ਬਦਲਾਅ ਆਇਆ ਹੈ, ਉਹ ਹੁਣ ਨਹੀਂ ਆਇਆ, ਉਹ 2023 ਵਿੱਚ ਆਇਆ ਸੀ। ਹੁਣ ਅਗਲੀ ਮੋਦੀ ਸਰਕਾਰ ਬਣਦੇ ਹੀ ਦੁਬਾਰਾ ਬਦਲਾਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਮੋਦੀ ਸਰਕਾਰ ਨੇ ਪੰਜਾਬ ਸਰਕਾਰ ਦੇ ਵੱਖ-ਵੱਖ ਫੰਡ ਰੋਕੇ ਹੋਏ ਹਨ ਜਿਨ੍ਹਾਂ ਦੇ ਨਾਲ ਵਿਕਾਸ ਕੀਤਾ ਜਾਣਾ ਸੀ, ਜੋ ਸਰਾਸਰ ਝੂਠ ਹੈ। ਸੱਚ ਤਾਂ ਇਹ ਹੈ ਕਿ ਪੰਜਾਬ ਸਰਕਾਰ ਪੈਸਿਆਂ ਦੀ ਵਰਤੋਂ ਸਹੀ ਤਰੀਕੇ ਨਾਲ ਨਹੀਂ ਕਰ ਰਹੀ। ‘ਆਪ’ ਸਰਕਾਰ ਸਿੱਧੇ ਤੌਰ ’ਤੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਅਤੇ ਸਨਅਤ ਨੂੰ ਬਚਾਉਣਾ ਹੈ ਤਾਂ ਮੋਦੀ ਸਰਕਾਰ ਨੂੰ ਮੁੜ ਲਿਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਿੱਲੀ ਦੀ ਗੱਲ ਕਰਦੀ ਹੈ, ਦਿੱਲੀ ਜਾ ਕੇ ਦੇਖੋ ਉਥੋਂ ਦੇ ਲੋਕ ਕਿੰਨੇ ਦੁਖੀ ਹਨ। ਦਿੱਲੀ ਦੀ ਹਾਲਤ ਸਿਰਫ਼ ਮੋਦੀ ਸਰਕਾਰ ਹੀ ਸੁਧਾਰ ਸਕਦੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਹੋਰਨਾਂ ਸੂਬਿਆਂ ਤੋਂ ਕਾਫ਼ੀ ਪਿੱਛੇ ਹੈ ਤੇ ਇਸ ਨੂੰ ਸਿਰਫ਼ ਮੋਦੀ ਸਰਕਾਰ ਹੀ ਅੱਗੇ ਲਿਜਾ ਸਕਦੇ ਹਨ।