ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 28 ਮਈ
ਪੁਲੀਸ ਨੇ ਗਰਮੀ ਦੇ ਮੌਸਮ ਵਿੱਚ ਨਹਿਰ ’ਚ ਨਹਾਉਣ ਵਾਲਿਆਂ ਨੂੰ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਇਸ ਸਬੰਧ ਵਿੱਚ ਨਹਿਰਾਂ ਕੰਢੇ ਚਿਤਾਵਨੀ ਬੋਰਡ ਲਾਏ ਗਏ ਹਨ ਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਪਾਸੋਂ ਸਹਿਯੋਗ ਵੀ ਮੰਗਿਆ ਜਾ ਰਿਹਾ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਪਿੰਡ ਵਿਚ ਇਕ ਨੋਟਿਸ ਜਾਰੀ ਕੀਤਾ ਜਾਵੇ ਕਿ ਨਹਿਰ ਵਿਚ ਨਹਾਉਣ ਦੀ ਕਾਨੂੰਨੀ ਤੌਰ ’ਤੇ ਮਨਾਹੀ ਹੈ। ਜੇ ਕੋਈ ਵੀ ਨਹਾਉਂਦਾ ਹੋਇਆ ਫੜਿਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਪੁਲੀਸ ਇਕ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਨਹਿਰਾਂ ਵਿਚ ਡੁੱਬਣ ਕਰਕੇ ਕਈ ਘਰਾਂ ਦੇ ਚਿਰਾਗ ਬੁੱਝ ਗਏ ਹਨ। ਜ਼ਿਲ੍ਹਾ ਪੁਲੀਸ ਕਪਤਾਨ ਸੁਰਿੰਦਰ ਸਿੰਘ ਭੌਰੀਆ ਦੇ ਹੁਕਮਾਂ ਮੁਤਾਬਕ ਜਿਸ ਖੇਤਰ ਵਿਚੋਂ ਨਹਿਰਾਂ ਲੰਘਦੀਆਂ ਹਨ ਅਜਿਹੇ ਸਥਾਨਾਂ ਦੀ ਸ਼ਨਾਖਤ ਕਰਕੇ ਚਿਤਾਵਨੀ ਬੋਰਡ ਲਾਏ ਗਏ ਹਨ, ਜਿਥੇ ਨੌਜਵਾਨਾਂ ਦੇ ਡੁੱਬਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ। ਉਨ੍ਹਾਂ ਨੇ ਨਹਿਰ ਕੰਢੇ ਵੱਸੇ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਇਸ ਨੇਕ ਕੰਮ ਵਿਚ ਪੁਲੀਸ ਦਾ ਸਹਿਯੋਗ ਦੇਣ ਤਾਂ ਜੋ ਕਿਸੇ ਵੀ ਨੌਜਵਾਨ ਨੂੰ ਡੁੱਬ ਕੇ ਆਪਣੀ ਜਾਨ ਨਾ ਗੁਆਉਣੀ ਪਵੇ। ਉਨ੍ਹਾਂ ਕਿਹਾ ਕਿ ਜੇਕਰ ਕਿਧਰੇ ਵੀ ਕੋਈ ਨੌਜਵਾਨ ਨਹਿਰ ਵਿਚ ਨਹਾਉਂਦਾ ਹੈ ਤਾਂ ਤੁਰੰਤ ਨੇੜਲੇ ਪੁਲੀਸ ਸਟੇਸ਼ਨ ’ਤੇ ਸੂਚਿਤ ਕੀਤਾ ਜਾਵੇ ਤਾਂ ਜੋ ਮੌਕੇ ’ਤੇ ਪਹੁੰਚ ਕੇ ਉਸ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।