ਨਵੀਂ ਦਿੱਲੀ, 28 ਮਈ
ਦੱਖਣੀ ਪੱਛਮੀ ਦਿੱਲੀ ਦੇ ਨਾਰੋਜੀ ਨਗਰ ਵਿੱਚ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੀਆਂ ਦੋ ਬੱਸਾਂ ਵਿਚਾਲੇ ਟੱਕਰ ਕਾਰਨ ਵਾਪਰੇ ਹਾਦਸੇ ਵਿੱਚ ਦੋ ਜਣੇ ਜ਼ਖ਼ਮੀ ਹੋ ਗਏ। ਇਸ ਸਬੰਧੀ ਪੁਲੀਸ ਨੇ ਦੱਸਿਆ ਕਿ ਆਊਟਰ ਰਿੰਗ ਰੋਡ ’ਤੇ ਨਾਰੋਜੀ ਨਗਰ ਬੱਸ ਸਟੈਂਡ ’ਤੇ ਦੋ ਡੀਟੀਸੀ ਬੱਸਾਂ ਵਿਚਾਲੇ ਟੱਕਰ ਹੋਣ ਦੀ ਸੂਚਨਾ ਸਫਦਰਜੰਗ ਐਨਕਲੇਵ ਪੁਲੀਸ ਸਟੇਸ਼ਨ ਨੂੰ ਮਿਲੀ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੀ ਇਕ ਮੌਕੇ ’ਤੇ ਪੁੱਜੀ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਪੁਲੀਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲੀਸ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਆਕਾਸ਼ ਦੁਆਰਾ ਚਲਾਈ ਗਈ ਇੱਕ ਡੀਟੀਸੀ ਬੱਸ ਨਾਰੋਜੀ ਨਗਰ ਬੱਸ ਸਟੈਂਡ ਤੋਂ ਸਵਾਰੀਆਂ ਨੂੰ ਚੁੱਕ ਰਹੀ ਸੀ ਅਤੇ ਚੰਦਵੀਰ ਦੁਆਰਾ ਚਲਾ ਰਹੀ ਇੱਕ ਹੋਰ ਡੀਟੀਸੀ ਬੱਸ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਪੁਲੀਸ ਦੇ ਡਿਪਟੀ ਕਮਿਸ਼ਨਰ (ਦੱਖਣੀ-ਪੱਛਮੀ) ਰੋਹਿਤ ਮੀਨਾ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਪੱਛਮੀ ਸਾਗਰਪੁਰ ਦੇ ਦੁਰਗਾ ਪਾਰਕ ਦੇ ਨੇੜੇ ਰਹਿਣ ਵਾਲੇ ਹਨ, ਜਿਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦਾ ਏਮਜ਼ ਵਿੱਚ ਇਲਾਜ ਚੱਲ ਰਿਹਾ ਹੈ। ਡੀਸੀਪੀ ਨੇ ਦੱਸਿਆ ਕਿ ਫਿਲਹਾਲ ਪੁਲੀਸ ਨੇ ਮਾਮਲੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ
ਕਾਰ ਦੀ ਟੱਕਰ ਕਾਰਨ ਡਿਊਟੀ ਜਾ ਰਹੇ ਵਿਅਕਤੀ ਦੀ ਮੌਤ
ਪਿਹੋਵਾ (ਪੱਤਰ ਪ੍ਰੇਰਕ): ਇੱਥੇ ਪਟਿਆਲਾ ਰੋਡ ’ਤੇ ਤੇਜ਼ ਰਫ਼ਤਾਰ ਕਾਰ ਦੀ ਲਪੇਟ ’ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਜਸਮੇਰ ਸਿੰਘ ਪਿੰਡ ਸਰਸਵਤੀ ਖੇੜਾ ਭੱਟ ਮਾਜਰਾ ਵਜੋਂ ਹੋਈ ਹੈ। ਮ੍ਰਿਤਕ ਦੇ ਪੁੱਤਰ ਰਾਹੁਲ ਨੇ ਦੱਸਿਆ ਕਿ ਉਸ ਦੇ ਪਿਤਾ ਜਸਮੇਰ ਸਿੰਘ ਪੰਜਾਬ ਬਿਜਲੀ ਬੋਰਡ ਵਿੱਚ ਬਤੌਰ ਲਾਈਨਮੈਨ ਕੰਮ ਕਰਦੇ ਸਨ, ਜਿਨ੍ਹਾਂ ਦੀ ਡਿਊਟੀ ਰੋਡ ਜਗੀਰ ਵਿਖੇ ਸੀ। ਸਵੇਰੇ ਉਸ ਦੇ ਪਿਤਾ ਆਪਣੇ ਮੋਟਰਸਾਈਕਲ ’ਤੇ ਡਿਊਟੀ ’ਤੇ ਜਾਣ ਲਈ ਨਿਕਲੇ। ਕੁਝ ਸਮੇਂ ਬਾਅਦ ਉਸ ਨੂੰ ਕਿਸੇ ਰਾਹਗੀਰ ਦਾ ਫੋਨ ਆਇਆ ਕਿ ਉਸ ਦੇ ਪਿਤਾ ਦੀ ਮੋਟਰਸਾਈਕਲ ਬੋਧਨੀ ਨੇੜੇ ਕਿਸੇ ਵਾਹਨ ਨਾਲ ਹਾਦਸਾਗ੍ਰਸਤ ਹੋ ਗਈ ਹੈ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹਨ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਘਟਨਾ ਸਥਾਨ ’ਤੇ ਯੂਪੀ ਨੰਬਰ ਦੀ ਇਕ ਕਾਰ ਖੜ੍ਹੀ ਮਿਲੀ, ਜਿਸ ਨਾਲ ਮੋਟਰਸਾਈਕਲ ਦੀ ਟੱਕਰ ਹੋਈ ਸੀ। ਪੁਲੀਸ ਨੇ ਰਾਹੁਲ ਦੀ ਸ਼ਿਕਾਇਤ ’ਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਾਦਸੇ ਵਿੱਚ ਨੌਜਵਾਨ ਹਲਾਕ
ਨਵੀਂ ਦਿੱਲੀ: ਦਿੱਲੀ ਦੇ ਦਵਾਰਕਾ ਸੈਕਟਰ 23 ਵਿੱਚ ਅੱਜ ਸਵੇਰੇ ਇਕ ਤੇਜ਼ ਰਫ਼ਤਾਰ ਟਰੱਕ ਨੇ ਇਕ 29 ਸਾਲਾ ਵਿਅਕਤੀ ਨੂੰ ਦਰੜ ਦਿੱਤਾ, ਜਿਸ ਦੀ ਮੌਕ ’ਤੇ ਹੀ ਮੌਤ ਹੋ ਗਈ। ਪੁਲੀਸ ਅਨੁਸਾਰ ਮ੍ਰਿਤਕ ਦੀ ਪਛਾਣ ਆਕਾਸ਼ਦੀਪ ਵਾਸੀ ਦਵਾਰਕਾ ਵਜੋਂ ਹੋਈ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦਵਾਰਕਾ ਦੇ ਸੈਕਟਰ 23 ਸਥਿਤ ਪੁਲੀਸ ਸਟੇਸ਼ਨ ਵਿੱਚ ਹਾਦਸੇ ਬਾਰੇ ਸੂਚਨਾ ਮਿਲੀ ਸੀ। ਸੂਚਨਾ ਮਿਲਣ ਤੋਂ ਬਾਅਦ ਇਕ ਟੀਮ ਨੂੰ ਤੁਰੰਤ ਮੌਕੇ ’ਤੇ ਭੇਜਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਮੌਕੇ ’ਤੇ ਇਕ ਵਿਅਕਤੀ ਬੇਹੋਸ਼ੀ ਹਾਲਤ ਵਿੱਚ ਪਿਆ ਸੀ, ਜਿਸ ਨੂੰ ਡੀਡੀਯੂ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲੀਸ ਅਨੁਸਾਰ ਆਕਾਸ਼ਦੀਪ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਵਾਹਨ ਦਾ ਚਾਲਕ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਦਾ ਕਹਿਣਾ ਹੈ ਕਿ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਪੀਟੀਆਈ