ਪੱਤਰ ਪ੍ਰੇਰਕ
ਗੋਨਿਆਣਾ ਮੰਡੀ, 28 ਮਈ
ਬਠਿੰਡਾ ਜ਼ਿਲ੍ਹੇ ਦੇ ਪਟਵਾਰ ਹਲਕਾ ਬੱਲੂਆਣਾ ਵਿੱਚ ਪੈਂਦੇ ਪਿੰਡ ਮਹਿਮਾ ਸਰਕਾਰੀ ਦੇ ਕਿਸਾਨਾਂ ਨੇ ਮਾਰਚ ਮਹੀਨੇ ਦੌਰਾਨ ਗੜਿਆਂ ਨਾਲ ਖ਼ਰਾਬ ਹੋਈ ਕਣਕ ਦਾ ਮੁਆਵਜ਼ਾ ਨਾ ਮਿਲਣ ਕਾਰਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡ ਮਹਿਮਾ ਸਰਕਾਰੀ ਅਤੇ ਮਹਿਮਾ ਸਰਜਾ ਦਾ ਰਕਬਾ ਅਜੇ ਮੁਆਵਜ਼ੇ ਲਈ ਵਿਚਾਰਿਆ ਤੱਕ ਨਹੀਂ ਗਿਆ। ਇਸ ਤੋਂ ਖਫ਼ਾ ਹੋਏ ਕਿਸਾਨਾਂ ਨੇ ਅੱਜ ਬੀਕੇਯੂ ਉਗਰਾਹਾਂ ਦੇ ਝੰਡੇ ਹੇਠ ਇਕੱਠੇ ਹੋ ਕਿ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚੋਣਾਂ ਦੇ ਬਾਈਕਾਟ ਦੀ ਚਿਤਾਵਨੀ ਦਿੱਤੀ। ਕਿਸਾਨ ਆਗੂ ਜਨਕ ਸਿੰਘ ਬਰਾੜ, ਜੱਸਾ ਸਿੰਘ ਮਹਿਮਾ ਸਰਕਾਰੀ, ਪਿਰਤਪਾਲ ਸਿੰਘ ਤੇ ਬਿੱਟੂ ਸ਼ਰਮਾ ਆਦਿ ਨੇ ਦੋਸ਼ ਲਗਾਏ ਕਿ ਪਿੰਡ ਮਹਿਮਾ ਸਰਕਾਰੀ ਨੂੰ ਜਾਣ ਬੁੱਝ ਕੇ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਪਟਵਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਪਿੰਡਾਂ ਅੰਦਰ ਜਾ ਤਾਂ ਗਿਰਦਾਵਰੀ ਹੀ ਨਹੀਂ ਕਰਾਈ ਗਈ।
ਇਸ ਸਬੰਧੀ ਪਟਵਾਰੀ ਮਨਦੀਪ ਸਿੰਘ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਇਸ ਦੌਰਾਨ ਪਟਵਾਰੀ ਦੇ ਨੁਮਾਇੰਦੇ ਬੂਟਾ ਸਿੰਘ ਭੋਖੜਾ ਨੇ ਕਿਸਾਨਾਂ ਨੂੰ ਦੱਸਿਆ ਕਿ ਮਹਿਮਾ ਸਰਕਾਰੀ ਦਾ 610 ਏਕੜ ਦਾ ਰਕਬਾ ਐੱਸਡੀਐੱਮ ਦਫ਼ਤਰ ਭੇਜਿਆ ਗਿਆ ਪਰ ਹਾਲੇ ਤਕ ਮਨਜ਼ੂਰੀ ਨਹੀਂ ਮਿਲੀ।