ਐੱਨ ਪੀ ਧਵਨ
ਪਠਾਨਕੋਟ, 28 ਮਈ
ਕੰਢੀ ਵਿਕਾਸ ਮੋਰਚੇ ਦੀ ਅਗਵਾਈ ਹੇਠ ਧਾਰ ਬਲਾਕ ਦੇ ਲੋਕਾਂ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਪ੍ਰਧਾਨ ਓਮ ਪ੍ਰਕਾਸ਼ ਮੱਘਰ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ ਤੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਚਮਨ ਲਾਲ, ਰਜਿੰਦਰ ਸਿੰਘ, ਮਨੀਸ਼ ਕੁਮਾਰ ਗੜੀ, ਸੂਰਜ ਸ਼ਰਮਾ, ਕਮਲ ਕਿਸ਼ੋਰ, ਵਿਜੇ ਜਗਤਪੁਰ ਅਤੇ ਅਮਰ ਕ੍ਰਾਂਤੀ ਨੇ ਸੰਬੋਧਨ ਕੀਤਾ।
ਕੰਢੀ ਵਿਕਾਸ ਮੋਰਚਾ ਦੇ ਪ੍ਰਧਾਨ ਸ੍ਰੀ ਮੱਘਰ ਨੇ ਕਿਹਾ ਕਿ ਧਾਰ ਬਲਾਕ ਵਿੱਚ ਗਰਮੀਆਂ ਦੇ ਸਮੇਂ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਆਈ ਹੈ। ਵਾਟਰ ਸਪਲਾਈ ਵਿਭਾਗ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਪੂਰਾ ਕਰਨ ਤੋਂ ਅਸਮਰੱਥ ਜਾਪਦਾ ਹੈ। ਭਾਰੀ ਗਰਮੀ ਕਾਰਨ ਪਾਣੀ ਦੇ ਕੁਦਰਤੀ ਸਰੋਤ (ਬਾਉਲੀਆਂ ਆਦਿ) ਸੁੱਕ ਚੁੱਕੇ ਹਨ ਜਿਸ ਕਾਰਨ ਲੋਕ ਮੁੱਲ ਦਾ ਪਾਣੀ ਪੀਣ ਲਈ ਮਜਬੂਰ ਹਨ। ਰਣਜੀਤ ਸਾਗਰ ਡੈਮ ਹੋਣ ਦੇ ਬਾਵਜੂਦ ਪੀਣ ਵਾਲੇ ਪਾਣੀ ਦੀ ਏਡੀ ਵੱਡੀ ਕਿੱਲਤ ਪ੍ਰਸ਼ਾਸਨ ਅਤੇ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲ੍ਹਦੀ ਹੈ। ਇਕੱਲਾ ਇਹੀ ਨਹੀਂ ਬਿਜਲੀ ਦੀ ਮਾੜੀ ਸਪਲਾਈ ਕਰਕੇ ਵੀ ਲੋਕਾਂ ਤੱਕ ਪੀਣ ਵਾਲਾ ਪਾਣੀ ਨਹੀਂ ਪੁੱਜ ਰਿਹਾ ਅਤੇ ਬਿਜਲੀ ਦੇ ਅਣਐਲਾਨੇ ਕੱਟਾਂ ਨੇ ਧਾਰ ਬਲਾਕ ਦੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ।
ਆਗੂਆਂ ਦਾ ਕਹਿਣਾ ਸੀ ਕਿ ਇਲਾਕੇ ਅੰਦਰ ਰੁਜ਼ਗਾਰ ਦਾ ਪ੍ਰਬੰਧ ਨਾ ਹੋਣ ਕਰਕੇ ਲੋਕਾਂ ਦੀ ਸਥਿਤੀ ਬੇਹੱਦ ਮਾੜੀ ਹੈ। ਇਲਾਕੇ ਦੀਆਂ ਸਮੱਸਿਆਵਾਂ ਪ੍ਰਤੀ ਮੌਜੂਦਾ ਸਾਰੀਆਂ ਪਾਰਟੀਆਂ ਦੀਆਂ ਹੀ ਸਰਕਾਰਾਂ ਨੇ ਅਣਦੇਖੀ ਅਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਇਲਾਕੇ ਵਿੱਚ ਇੱਕ ਵੀ ਵੱਡਾ ਸਰਕਾਰੀ ਹਸਪਤਾਲ ਨਹੀਂ ਹੈ। ਇਸ ਤੋਂ ਇਲਾਵਾ ਥੜ੍ਹਾ ਉੱਪਰਲਾ ਵਿੱਚ ਬਣੇ ਹਸਪਤਾਲ ਵਿੱਚ ਡਾਕਟਰ ਅਤੇ ਓਪੀਡੀ ਨਾ ਹੋਣ ਕਰਕੇ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।