ਸਤਵਿੰਦਰ ਬਸਰਾ
ਲੁਧਿਆਣਾ, 28 ਮਈ
ਸੂਬੇ ਦੇ ਹੋਰਨਾਂ ਸ਼ਹਿਰਾਂ ਨਾਲੋਂ ਗਰਮ ਰਹਿਣ ਵਾਲੇ ਲੁਧਿਆਣਾ ਸ਼ਹਿਰ ਵਿੱਚ ਅੱਜ ਇਸ ਸਾਲ ਮਈ ਮਹੀਨੇ ਦਾ ਸਭ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੀਏਯੂ ਮੌਸਮ ਵਿਭਾਗ ਦੀ ਮੁਖੀ ਪਵਨੀਤ ਕੌਰ ਕਿੰਗਰਾ ਅਨੁਸਾਰ 30 ਅਤੇ 31 ਮਈ ਨੂੰ ਤਾਪਮਾਨ ਕੁੱਝ ਘੱਟ ਹੋਣ ਦੀ ਸੰਭਾਵਨਾ ਹੈ।
ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਸਮਰਾਲਾ ਅਤੇ ਹੋਰ ਕਈ ਥਾਵਾਂ ’ਤੇ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਵੀ ਪਹੁੰਚ ਗਿਆ ਸੀ ਪਰ ਲੁਧਿਆਣਾ ਸ਼ਹਿਰ ਵਿੱਚ ਅੱਜ ਇਹ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸਵੇਰੇ ਤੜਕੇ ਹੀ ਤਿੱਖੀ ਧੁੱਪ ਨਿਕਲੀ, ਜੋ ਦੇਰ ਸ਼ਾਮ ਤੱਕ ਬਰਕਰਾਰ ਰਹੀ। ਉੱਧਰ ਪੀਏਯੂ ਮੌਸਮ ਵਿਭਾਗ ਮਾਹਿਰ ਡਾ. ਕਿੰਗਰਾ ਨੇ ਦੱਸਿਆ ਕਿ ਪਿਛਲੇ ਸਾਲਾਂ ਦੇ ਰਿਕਾਰਡ ਅਨੁਸਾਰ ਮਈ ਮਹੀਨੇ ਵਿੱਚ ਆਮ ਤੌਰ ’ਤੇ ਤਾਪਮਾਨ 40 ਜਾਂ ਇਸ ਤੋਂ ਘੱਟ ਹੀ ਰਹਿੰਦਾ ਸੀ ਪਰ ਇਸ ਵਾਰ ਇਹ ਤਾਪਮਾਨ ਔਸਤਨ ਨਾਲੋਂ ਕਿਤੇ ਵੱਧ ਰਿਹਾ। ਇਸ ਸਾਲ ਦੇ ਮਈ ਮਹੀਨੇ ਵਿੱਚੋਂ ਅੱਜ ਦਾ ਦਿਨ ਸਭ ਤੋਂ ਵੱਧ ਗਰਮ ਦਰਜ ਕੀਤਾ ਗਿਆ ਹੈ। ਜੇਕਰ ਪਿਛਲੇ ਸਾਲ ਦੇ ਰਿਕਾਰਡ ਵਿੱਚ ਦਰਜ ਅੱਜ ਦੇ ਦਿਨ ਦਾ ਤਾਪਮਾਨ ਦੇਖਿਆ ਜਾਵੇ ਤਾਂ ਇਹ 39.7 ਸੀ, ਜੋ ਕਿ ਇਸ ਵਾਰ ਇਹ ਔਸਤ ਨਾਲੋਂ 5 ਡਿਗਰੀ ਸੈਲਸੀਅਸ ਤੋਂ ਵੀ ਵੱਧ ਹੈ। ਸ਼ਹਿਰ ਵਿੱਚ ਲਗਾਤਾਰ ਵਧ ਰਹੇ ਤਾਪਮਾਨ ਤੋਂ ਲੁਧਿਆਣਵੀਆਂ ਨੂੰ 30 ਅਤੇ 31 ਮਈ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ, ਜਦੋਂਕਿ 29 ਮਈ ਨੂੰ ਤਾਪਮਾਨ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਅੱਜ ਸਾਰਾ ਦਿਨ ਚੱਲੀਆਂ ਗਰਮ ਹਵਾਵਾਂ ਚਮੜੀ ਨੂੰ ਸਾੜ ਪਾ ਰਹੀਆਂ ਸਨ। ਰਾਹਗੀਰਾਂ ’ਚ ਖਾਸ ਕਰਕੇ ਪੈਦਲ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਅੱਜ ਦੀ ਗਰਮੀ ਨੇ ਬੁਰੀ ਤਰ੍ਹਾਂ ਝੰਬਿਆ। ਲੋਕ ਗਰਮ ਹਵਾ ਅਤੇ ਤੇਜ਼ ਧੁੱਪ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰਦੇ ਦੇਖੇ ਗਏ। ਦੁਪਹਿਰ ਸਮੇਂ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਵੀ ਆਵਾਜਾਈ ਨਾ-ਮਾਤਰ ਹੀ ਰਹੀ।